ਚੰਡੀਗੜ੍ਹ, 22 ਨਵੰਬਰ 2024: IND vs AUS 1st Test Match Live: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਪਰਥ ‘ਚ ਖੇਡਿਆ ਜਾ ਰਿਹਾ ਹੈ | ਪਹਿਲੇ ਟੈਸਟ ਮੈਚ ‘ਚ ਭਾਰਤੀ ਟੀਮ ਦੀ ਪਹਿਲੀ 50 ਦੌੜਾਂ ‘ਤੇ ਸਿਮਟ ਗਈ ਸੀ | ਦੂਜੇ ਪਾਸੇ ਆਸਟ੍ਰੇਲੀਆ ਟੀਮ ਵੀ ਸੰਘਰਸ਼ ਕਰਦੀ ਨਜ਼ਰ ਆ ਰਹੀ ਹੈ |
ਆਸਟ੍ਰੇਲੀਆ ਟੀਮ ਨੇ ਹੁਣ ਤੱਕ 48 ਦੌੜਾਂ ‘ਤੇ 6 ਵਿਕਟਾਂ ਗੁਆ ਦਿੱਤੀਆਂ ਹਨ, ਭਾਰਤੀ ਟੀਮ ‘ਚ ਡੈਬਿਊ ਕਰ ਰਹੇ ਹਰਸ਼ਿਤ ਰਾਣਾ ਨੇ ਟ੍ਰੈਵਿਸ ਹੈੱਡ ਨੂੰ ਕਲੀਨ ਬੋਲਡ ਕਰਕੇ ਪਵੇਲੀਅਨ ਵਾਪਸ ਭੇਜ ਦਿੱਤਾ । ਟ੍ਰੈਵਿਸ 13 ਗੇਂਦਾਂ ‘ਚ 11 ਦੌੜਾਂ ਹੀ ਬਣਾ ਸਕਿਆ।
ਇਸ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਨੇ ਨਾਥਨ ਮੈਕਸਵੀਨੀ, ਉਸਮਾਨ ਖਵਾਜਾ ਅਤੇ ਸਟੀਵ ਸਮਿਥ ਨੂੰ ਆਊਟ ਕੀਤਾ। ਆਸਟ੍ਰੇਲੀਆ ਨੂੰ 38 ਦੇ ਸਕੋਰ ‘ਤੇ ਪੰਜਵਾਂ ਝਟਕਾ ਲੱਗਾ। ਮੁਹੰਮਦ ਸਿਰਾਜ ਨੇ ਮਿਸ਼ੇਲ ਮਾਰਸ਼ ਨੂੰ ਸਲਿੱਪ ਵਿੱਚ ਕੇਐਲ ਰਾਹੁਲ ਹੱਥੋਂ ਕੈਚ ਕਰਵਾਇਆ।
ਇਸ ਮੈਚ (IND vs AUS) ‘ਚ ਜਸਪ੍ਰੀਤ ਬੁਮਰਾਹ ਹੈਟ੍ਰਿਕ ਬਣਾਉਣ ਤੋਂ ਖੁੰਝ ਗਏ। ਆਸਟ੍ਰੇਲੀਆ ਦੀ ਪਹਿਲੀ ਪਾਰੀ ਦੇ ਸੱਤਵੇਂ ਓਵਰ ‘ਚ ਬੁਮਰਾਹ ਨੇ ਲਗਾਤਾਰ ਦੋ ਗੇਂਦਾਂ ‘ਤੇ ਦੋ ਵਿਕਟਾਂ ਲਈਆਂ। ਬੁਮਰਾਹ ਨੇ ਉਸਮਾਨ ਖਵਾਜਾ ਨੂੰ ਓਵਰ ਦੀ ਚੌਥੀ ਗੇਂਦ ‘ਤੇ ਵਿਰਾਟ ਕੋਹਲੀ ਦੇ ਹੱਥੋਂ ਸਲਿੱਪ ‘ਤੇ ਕੈਚ ਕਰਵਾਇਆ। ਉਹ ਅੱਠ ਦੌੜਾਂ ਬਣਾ ਸਕਿਆ।
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਹਿਲੀ ਪਾਰੀ 150 ਦੌੜਾਂ ਬਣਾਈਆਂ ਹਨ । ਪਹਿਲੀ ਪਾਰੀ ‘ਚ ਭਾਰਤੀ ਟੀਮ ਦੇ 11 ਬੱਲੇਬਾਜ਼ ਇਕੱਠੇ 50 ਓਵਰ ਵੀ ਬੱਲੇਬਾਜ਼ੀ ਨਹੀਂ ਕਰ ਸਕੇ। ਪੂਰੀ ਟੀਮ 49.3 ਓਵਰਾਂ ‘ਚ ਹੀ ਢਹਿ ਗਈ। ਭਾਰਤ ਵੱਲੋਂ ਨਿਤੀਸ਼ ਰੈੱਡੀ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰਿਸ਼ਭ ਪੰਤ ਨੇ 37 ਦੌੜਾਂ ਅਤੇ ਕੇਐੱਲ ਰਾਹੁਲ ਨੇ 26 ਦੌੜਾਂ ਦੀ ਪਾਰੀ ਖੇਡੀ। ਇਸਦੇ ਨਾਲ ਹੀ ਯਸ਼ਸਵੀ ਜੈਸਵਾਲ ਅਤੇ ਦੇਵਦੱਤ ਪਡਿੱਕਲ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਵਿਰਾਟ ਕੋਹਲੀ ਪੰਜ ਦੌੜਾਂ ਬਣਾ ਕੇ ਆਊਟ ਹੋਏ ਅਤੇ ਧਰੁਵ ਜੁਰੇਲ 11 ਦੌੜਾਂ ਬਣਾ ਕੇ ਆਊਟ ਹੋਏ। ਇਸਦੇ ਨਾਲ ਹੀ ਵਾਸ਼ਿੰਗਟਨ ਸੁੰਦਰ ਵੀ ਚਾਰ ਦੌੜਾਂ ਬਣਾ ਸਕਿਆ।
ਰਿਸ਼ਭ ਪੰਤ ਅਤੇ ਨਿਤੀਸ਼ ਨੇ ਸੱਤਵੇਂ ਵਿਕਟ ਲਈ 48 ਦੌੜਾਂ ਦੀ ਸਾਂਝੇਦਾਰੀ ਕੀਤੀ। ਹਰਸ਼ਿਤ ਰਾਣਾ ਸੱਤ ਦੌੜਾਂ ਬਣਾ ਕੇ ਆਊਟ ਹੋਏ ਅਤੇ ਬੁਮਰਾਹ ਅੱਠ ਦੌੜਾਂ ਬਣਾ ਕੇ ਆਊਟ ਹੋ ਗਏ। ਦੂਜੇ ਪਾਸੇ ਆਸਟ੍ਰੇਲੀਆ ਲਈ ਸਭ ਤੋਂ ਜਿਆਦਾ ਜੋਸ਼ ਹੇਜ਼ਲਵੁੱਡ ਨੇ ਚਾਰ ਵਿਕਟਾਂ ਲਈਆਂ। ਜਦਕਿ ਮਿਸ਼ੇਲ ਸਟਾਰਕ, ਪੈਟ ਕਮਿੰਸ ਅਤੇ ਮਾਰਸ਼ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।
ਜਿਕਰਯੋਗ ਹੈ ਕਿ ਇਹ ਸੀਰੀਜ਼ ਭਾਰਤ ਅਤੇ ਆਸਟ੍ਰੇਲੀਆ ਲਈ ਮਹੱਤਵਪੂਰਨ ਹੈ ਅਤੇ ਇਹ ਸਪੱਸ਼ਟ ਹੋ ਜਾਵੇਗਾ ਕਿ ਕਿਹੜੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪਹੁੰਚੇਗੀ। ਭਾਰਤ ਨੂੰ ਘੱਟੋ-ਘੱਟ ਚਾਰ ਟੈਸਟ ਜਿੱਤਣ ਦੀ ਲੋੜ ਹੈ। ਇਸ ਤੋਂ ਇਲਾਵਾ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਇਕ ਵੀ ਮੈਚ ਨਾ ਹਾਰੇ।