July 2, 2024 8:35 pm
Australia

IND vs AUS: ਆਸਟਰੇਲੀਆ ਦੀ ਪਹਿਲੀ ਪਾਰੀ 480 ਦੌੜਾਂ ‘ਤੇ ਸਮਾਪਤ, ਅਸ਼ਵਿਨ ਨੇ ਝਟਕੇ 6 ਵਿਕਟ

ਚੰਡੀਗੜ੍ਹ, 10 ਮਾਰਚ 2023: ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਭਾਰਤ ਅਤੇ ਆਸਟ੍ਰੇਲੀਆ (Australia) ਵਿਚਾਲੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਚੌਥਾ ਅਤੇ ਆਖਰੀ ਮੈਚ ਖੇਡਿਆ ਜਾ ਰਿਹਾ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਨਜ਼ਰੀਏ ਤੋਂ ਭਾਰਤ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ। ਟਾਸ ਜਿੱਤ ਕੇ ਪਹਿਲੇ ਦਿਨ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਦੀ ਪਹਿਲੀ ਪਾਰੀ 480 ਦੌੜਾਂ ‘ਤੇ ਸਮਾਪਤ ਹੋ ਗਈ ਹੈ । ਅੱਜ ਆਸਟਰੇਲੀਆ (Australia) ਨੇ ਚਾਰ ਵਿਕਟਾਂ ’ਤੇ 255 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਉਦੋਂ ਉਸਮਾਨ ਖਵਾਜਾ ਅਤੇ ਕੈਮਰਨ ਗ੍ਰੀਨ ਕ੍ਰੀਜ਼ ‘ਤੇ ਮੌਜੂਦ ਸਨ। ਦੋਵਾਂ ਨੇ ਪੰਜਵੀਂ ਵਿਕਟ ਲਈ 208 ਦੌੜਾਂ ਦੀ ਸਾਂਝੇਦਾਰੀ ਕੀਤੀ।

ਕੈਮਰਨ ਗ੍ਰੀਨ ਨੇ ਆਊਟ ਹੋਣ ਤੋਂ ਪਹਿਲਾਂ ਆਪਣੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ। ਉਹ 170 ਗੇਂਦਾਂ ਵਿੱਚ 114 ਦੌੜਾਂ ਬਣਾ ਕੇ ਆਊਟ ਹੋ ਗਏ। ਅਸ਼ਵਿਨ ਨੇ ਗ੍ਰੀਨ ਨੂੰ ਵਿਕਟਕੀਪਰ ਕੇਐਸ ਭਰਤ ਹੱਥੋਂ ਕੈਚ ਕਰਵਾਇਆ। ਇਸੇ ਓਵਰ ਵਿੱਚ ਅਸ਼ਵਿਨ ਨੇ ਐਲੇਕਸ ਕੈਰੀ ਨੂੰ ਵੀ ਪੈਵੇਲੀਅਨ ਭੇਜਿਆ। ਕੈਰੀ ਖਾਤਾ ਵੀ ਨਹੀਂ ਖੋਲ੍ਹ ਸਕਿਆ।

Ravichandran Ashwin

ਇਸ ਤੋਂ ਬਾਅਦ ਆਸਟ੍ਰੇਲੀਆ ਨੂੰ 387 ਦੇ ਸਕੋਰ ‘ਤੇ ਸੱਤਵਾਂ ਝਟਕਾ ਲੱਗਾ। ਰਵੀਚੰਦਰਨ ਅਸ਼ਵਿਨ ਨੇ ਮਿਸ਼ੇਲ ਸਟਾਰਕ ਨੂੰ ਸ਼੍ਰੇਅਸ ਅਈਅਰ ਦੇ ਹੱਥੋਂ ਕੈਚ ਕਰਵਾਇਆ। ਸਟਾਰਕ ਛੇ ਦੌੜਾਂ ਬਣਾ ਸਕਿਆ। ਚਾਹ ਦੇ ਸਮੇਂ ਤੱਕ ਆਸਟਰੇਲੀਆ ਨੇ ਸੱਤ ਵਿਕਟਾਂ ਗੁਆ ਕੇ 409 ਦੌੜਾਂ ਬਣਾ ਲਈਆਂ ਸਨ।

ਚਾਹ ਤੋਂ ਬਾਅਦ ਪਹਿਲੇ ਹੀ ਓਵਰ ਵਿੱਚ ਉਸਮਾਨ ਖਵਾਜਾ ਨੂੰ ਅਕਸ਼ਰ ਪਟੇਲ ਨੇ ਐਲਬੀਡਬਲਯੂ ਆਊਟ ਕਰ ਦਿੱਤਾ। ਉਹ 422 ਗੇਂਦਾਂ ਵਿੱਚ 180 ਦੌੜਾਂ ਬਣਾ ਸਕਿਆ। ਇਸ ਤੋਂ ਬਾਅਦ ਨਾਥਨ ਲਿਓਨ ਅਤੇ ਟੌਡ ਮਰਫੀ ਨੇ ਨੌਵੇਂ ਵਿਕਟ ਲਈ 70 ਦੌੜਾਂ ਦੀ ਸਾਂਝੇਦਾਰੀ ਕੀਤੀ। ਅਸ਼ਵਿਨ ਨੇ ਮਰਫੀ (41) ਨੂੰ ਐਲਬੀਡਬਲਿਊ ਅਤੇ ਫਿਰ ਲਿਓਨ (34) ਨੂੰ ਕੋਹਲੀ ਹੱਥੋਂ ਕੈਚ ਕਰਵਾ ਕੇ ਆਸਟਰੇਲੀਆ ਦੀ ਪਾਰੀ 480 ਦੌੜਾਂ ’ਤੇ ਸਮੇਟ ਦਿੱਤੀ।

ਅਸ਼ਵਿਨ (Ravichandran Ashwin) ਨੇ ਇਸ ਪਾਰੀ ਵਿੱਚ ਕੁੱਲ ਛੇ ਵਿਕਟਾਂ ਲਈਆਂ। ਅਸ਼ਵਿਨ ਨੇ 32ਵੀਂ ਵਾਰ ਟੈਸਟ ਦੀ ਇਕ ਪਾਰੀ ਵਿਚ ਪੰਜ ਵਿਕਟਾਂ ਲਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਧਰਤੀ ‘ਤੇ 26ਵੀਂ ਵਾਰ ਅਜਿਹਾ ਕੀਤਾ। ਅਸ਼ਵਿਨ ਨੇ ਆਸਟਰੇਲੀਆ ਦੇ ਖਿਲਾਫ ਸੱਤਵੀਂ ਵਾਰ ਟੈਸਟ ਮੈਚਾਂ ਦੀ ਇੱਕ ਪਾਰੀ ਵਿੱਚ ਪੰਜ ਵਿਕਟਾਂ ਲਈਆਂ ਹਨ। ਅਸ਼ਵਿਨ ਹੁਣ ਤੱਕ ਕੰਗਾਰੂਆਂ ਖਿਲਾਫ ਟੈਸਟ ਮੈਚਾਂ ‘ਚ 113 ਵਿਕਟਾਂ ਲੈ ਚੁੱਕੇ ਹਨ। ਅਸ਼ਵਿਨ ਤੋਂ ਇਲਾਵਾ ਸ਼ਮੀ ਨੇ ਦੋ ਵਿਕਟਾਂ ਹਾਸਲ ਕੀਤੀਆਂ। ਇਸ ਦੇ ਨਾਲ ਹੀ ਅਕਸ਼ਰ-ਜਡੇਜਾ ਨੂੰ ਇਕ-ਇਕ ਵਿਕਟ ਮਿਲੀ।