July 2, 2024 11:00 pm
Women's T20 World Cup

IND vs AUS: ਮਹਿਲਾ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਭਾਰਤ ਸਾਹਮਣੇ ਆਸਟ੍ਰੇਲੀਆ ਦੀ ਚੁਣੌਤੀ

ਚੰਡੀਗੜ੍ਹ, 23 ਫਰਵਰੀ 2023: (IND W vs AUS  Semi-Final) ਮਹਿਲਾ ਟੀ-20 ਵਿਸ਼ਵ ਕੱਪ (Women’s T20 World Cup) ਦਾ ਆਖਰੀ ਫਾਈਨਲ 2020 ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ ਸੀ ਪਰ ਇਸ ਵਾਰ ਇਹ ਦੋਵੇਂ ਟੀਮਾਂ ਸੈਮੀਫਾਈਨਲ ‘ਚ ਆਹਮੋ-ਸਾਹਮਣੇ ਹੋਣ ਜਾ ਰਹੀਆਂ ਹਨ। ਭਾਰਤ ਦੀਆਂ ਧੀਆਂ ਨੂੰ ਲਗਾਤਾਰ ਦੂਜੀ ਵਾਰ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਣ ਲਈ ਵੀਰਵਾਰ ਨੂੰ 22 ਮੈਚਾਂ ਦੀ ਅਜੇਤੂ ਆਸਟਰੇਲੀਆ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ। ਇਹ ਮੈਚ ਅੱਜ ਸ਼ਾਮ 6: 30 ਵਜੇ ਖੇਡਿਆ ਜਾਵੇਗਾ |

ਮਹਿਲਾ ਟੀ-20 ਵਿਸ਼ਵ ਕੱਪ (Women’s T20 World Cup) ‘ਚ ਆਸਟ੍ਰੇਲੀਆ ਦੇ ਦਬਦਬੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਟੀਮ ਹੁਣ ਤੱਕ ਹੋਏ ਸੱਤ ਟੀ-20 ਵਿਸ਼ਵ ਕੱਪ ‘ਚੋਂ ਛੇ ‘ਚ ਫਾਈਨਲ ‘ਚ ਪ੍ਰਵੇਸ਼ ਕਰ ਚੁੱਕੀ ਹੈ ਅਤੇ ਪੰਜ ਵਾਰ ਜੇਤੂ ਰਹੀ ਹੈ। ਭਾਰਤੀ ਟੀਮ ਸੈਮੀਫਾਈਨਲ ‘ਚ ਆਸਟ੍ਰੇਲੀਆ ਨੂੰ ਹਰਾ ਕੇ 2020 ਟੀ-20 ਵਿਸ਼ਵ ਕੱਪ ਦੇ ਫਾਈਨਲ ਅਤੇ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ‘ਚ ਮਿਲੀ ਹਾਰ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰੇਗੀ। ਹਰਮਨਪ੍ਰੀਤ ਕੌਰ ਦੀ ਟੀਮ ਨੇ ਗਰੁੱਪ ਬੀ ‘ਚ ਚਾਰ ਮੈਚ ਖੇਡੇ ਹਨ, ਜਿਨ੍ਹਾਂ ‘ਚੋਂ ਤਿੰਨ ‘ਚ ਜਿੱਤ ਅਤੇ ਇੰਗਲੈਂਡ ਖ਼ਿਲਾਫ਼ 11 ਦੌੜਾਂ ਨਾਲ ਹਾਰ ਹੋਈ ਸੀ। ਭਾਰਤ ਗਰੁੱਪ ‘ਚ ਦੂਜੇ ਸਥਾਨ ‘ਤੇ ਰਹਿ ਕੇ ਆਖਰੀ ਚਾਰ ‘ਚ ਪਹੁੰਚ ਗਿਆ ਹੈ।

ਭਾਰਤੀ ਟੀਮ ਦਾ ਸਕਾਰਾਤਮਕ ਪੱਖ ਇਹ ਹੈ ਕਿ ਮਾਰਚ 2021 ਤੋਂ, ਆਸਟਰੇਲੀਆ ਨੇ ਕ੍ਰਿਕਟ ਦੇ ਤਿੰਨਾਂ ਫਾਰਮੈਟਾਂ ਵਿੱਚ ਸਿਰਫ ਦੋ ਮੈਚ ਹੀ ਹਾਰੇ ਹਨ। ਇਨ੍ਹਾਂ ਦੋਵਾਂ ਮੈਚਾਂ ਵਿੱਚ ਭਾਰਤ ਨੇ ਆਸਟਰੇਲੀਆ ਨੂੰ ਹਰਾਇਆ ਹੈ। ਭਾਰਤ ਨੇ 2020 ਟੀ-20 ਵਿਸ਼ਵ ਕੱਪ ਦੇ ਗਰੁੱਪ ਦੌਰ ‘ਚ ਵੀ ਆਸਟ੍ਰੇਲੀਆ ਨੂੰ ਹਰਾਇਆ ਸੀ। ਟੀ-20 ਵਿਸ਼ਵ ਕੱਪ ‘ਚ ਵੀ ਦੋਵੇਂ ਟੀਮਾਂ ਪੰਜ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ, ਜਿਸ ‘ਚ ਭਾਰਤ ਨੇ ਦੋ ਵਾਰ ਜਿੱਤ ਦਰਜ ਕੀਤੀ ਹੈ।

ਦੂਜਾ ਸਕਾਰਾਤਮਕ ਪੱਖ ਸਮ੍ਰਿਤੀ ਮੰਧਾਨਾ ਦੀ ਫਾਰਮ ‘ਚ ਵਾਪਸੀ ਹੈ। ਸਮ੍ਰਿਤੀ ਨੇ ਆਇਰਲੈਂਡ ਦੇ ਖਿਲਾਫ 56 ਗੇਂਦਾਂ ਵਿੱਚ 87 ਦੌੜਾਂ ਦੀ ਆਪਣੇ ਟੀ-20 ਕਰੀਅਰ ਦੀ ਸਰਵੋਤਮ ਪਾਰੀ ਖੇਡੀ, ਜਿਸ ਵਿੱਚ ਉਸਨੇ ਨੌਂ ਚੌਕੇ ਅਤੇ ਤਿੰਨ ਛੱਕੇ ਲਗਾਏ। ਜਦੋਂ ਵੀ ਮੰਧਾਨਾ ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦਿੱਤੀ ਹੈ, ਭਾਰਤ ਨੇ ਵੱਡਾ ਸਕੋਰ ਕੀਤਾ ਹੈ। ਸਮ੍ਰਿਤੀ ਮੰਧਾਨਾ ਨੂੰ ਇੱਕ ਵਾਰ ਅੱਗੇ ਆ ਕੇ ਵੱਡੀ ਪਾਰੀ ਖੇਡਣੀ ਪਵੇਗੀ ਜੇਕਰ ਭਾਰਤ ਆਸਟਰੇਲੀਆ ਖ਼ਿਲਾਫ਼ ਸੈਮੀਫਾਈਨਲ ਵਿੱਚ ਜਿੱਤਣਾ ਚਾਹੁੰਦੀਆਂ ਹਨ।