ਚੰਡੀਗੜ੍ਹ, 07 ਦਸੰਬਰ 2024: IND vs AUS: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਐਡੀਲੇਡ ਓਵਲ ‘ਚ ਖੇਡੇ ਜਾ ਰਹੇ ਟੈਸਟ ਮੈਚ ਦਾ ਅੱਜ ਦੂਜਾ ਦਿਨ ਹੈ | ਆਸਟਰੇਲੀਆ ਦੀ ਪਹਿਲੀ ਪਾਰੀ ‘ਚ 337 ਦੌੜਾਂ ‘ਤੇ ਸਮਾਪਤ ਹੋ ਗਈ ਹੈ ਅਤੇ ਭਾਰਤ ਦੀ ਦੂਜੀ ਪਾਰੀ ਸ਼ੁਰੂ ਹੋ ਗਈ ਹੈ |
ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਸੀ | ਭਾਰਤ ਨੇ ਆਪਣੀ ਪਹਿਲੀ ਪਾਰੀ ‘ਚ 180 ਦੌੜਾਂ ਬਣਾਈਆਂ ਸਨ। ਇਸ ਲਿਹਾਜ਼ ਨਾਲ ਆਸਟਰੇਲੀਆ ਕੋਲ 157 ਦੌੜਾਂ ਦੀ ਬੜ੍ਹਤ ਹੈ। ਆਸਟਰੇਲੀਆ ਵੱਲੋਂ ਟ੍ਰੈਵਿਸ ਹੈੱਡ ਨੇ 140 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੇ ਚਾਰ-ਚਾਰ ਵਿਕਟਾਂ ਲਈਆਂ।
ਆਸਟ੍ਰੇਲੀਆ ਨੇ ਅੱਜ ਨੂੰ ਇਕ ਵਿਕਟ ‘ਤੇ 86 ਦੌੜਾਂ ਤੋਂ ਖੇਡ ਦੀ ਸ਼ੁਰੂਆਤ ਕੀਤੀ ਅਤੇ ਆਖਰੀ ਨੌਂ ਵਿਕਟਾਂ ਗੁਆ ਕੇ 251 ਦੌੜਾਂ ਬਣਾਈਆਂ। ਸ਼ੁਰੂਆਤੀ ਸੈਸ਼ਨ ‘ਚ ਟੀਮ ਨੇ ਮੈਕਸਵੀਨੀ (39), ਸਟੀਵ ਸਮਿਥ (2) ਅਤੇ ਮਾਰਨਸ ਲਾਬੂਸ਼ੇਨ ਦੇ ਰੂਪ ‘ਚ ਤਿੰਨ ਵਿਕਟਾਂ ਗੁਆ ਦਿੱਤੀਆਂ। ਲਾਬੂਸ਼ੇਨ ਨੇ 64 ਦੌੜਾਂ ਬਣਾਈਆਂ। ਮੈਕਸਵੀਨੀ ਅਤੇ ਸਮਿਥ ਨੂੰ ਬੁਮਰਾਹ ਨੇ ਆਊਟ ਕੀਤਾ, ਜਦੋਂ ਕਿ ਲਾਬੂਸ਼ੇਨ ਨੂੰ ਨਿਤੀਸ਼ ਰੈੱਡੀ ਨੇ ਆਊਟ ਕਰ ਦਿੱਤਾ । ਉਸਮਾਨ ਖਵਾਜਾ ਨੂੰ ਸ਼ੁੱਕਰਵਾਰ ਨੂੰ ਬੁਮਰਾਹ ਨੇ ਆਊਟ ਕੀਤਾ ਹੈ ।
ਇਸ ਤੋਂ ਬਾਅਦ ਦੂਜੇ ਸੈਸ਼ਨ ‘ਚ ਟ੍ਰੈਵਿਸ ਹੈੱਡ ਨੇ ਆਪਣੇ ਟੈਸਟ ਕਰੀਅਰ ਦਾ ਅੱਠਵਾਂ ਸੈਂਕੜਾ ਲਗਾਇਆ। ਉਨ੍ਹਾਂ ਨੇ 141 ਗੇਂਦਾਂ ‘ਚ 17 ਚੌਕਿਆਂ ਅਤੇ ਚਾਰ ਛੱਕਿਆਂ ਦੀ ਮੱਦਦ ਨਾਲ 140 ਦੌੜਾਂ ਦੀ ਪਾਰੀ ਖੇਡੀ। ਮਿਸ਼ੇਲ ਮਾਰਸ਼ ਨੌਂ ਦੌੜਾਂ ਬਣਾ ਕੇ, ਐਲੇਕਸ ਕੇਰੀ 15 ਦੌੜਾਂ ਬਣਾ ਕੇ ਆਊਟ ਹੋਏ। ਆਸਟਰੇਲੀਆ ਨੂੰ ਅੱਠਵਾਂ ਝਟਕਾ ਪੈਟ ਕਮਿੰਸ ਦੇ ਰੂਪ ‘ਚ ਲੱਗਾ।
ਜਸਪ੍ਰੀਤ ਬੁਮਰਾਹ ਨੇ ਪੈਟ ਕਮਿੰਸ ਨੂੰ ਕਲੀਨ ਬੋਲਡ ਕਰਕੇ ਪਵੇਲੀਅਨ ਭੇਜ ਦਿੱਤਾ । ਪੈਟ ਕਮਿੰਸ 12 ਦੌੜਾਂ ਬਣਾ ਸਕੇ। ਡਿਨਰ ਬ੍ਰੇਕ ਤੋਂ ਬਾਅਦ ਮਿਸ਼ੇਲ ਸਟਾਰਕ ਵੀ 18 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੇ ਨਾਲ ਹੀ ਸਿਰਾਜ ਨੇ ਆਸਟਰੇਲੀਆ ਦੀ ਪਾਰੀ ਦਾ ਅੰਤ ਕਰ ਦਿੱਤਾ। ਦੋਵੇਂ ਟੀਮਾਂ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਹੈ। ਇਹ ਡੇ-ਨਾਈਟ ਟੈਸਟ ਮੈਚ ਹੈ ਜੋ ਕਿ ਗੁਲਾਬੀ ਗੇਂਦ ਨਾਲ ਖੇਡਿਆ ਜਾ ਰਿਹਾ ਹੈ |
Read More: IND vs AUS: ਟੈਸਟ ਮੈਚ ‘ਚ ਆਸਟ੍ਰੇਲੀਆ ਦੇ ਖਿਡਾਰੀਆਂ ਨੇ ਕਿਉਂ ਬੰਨ੍ਹੀਆਂ ਕਾਲੀ ਪੱਟੀਆਂ ?