ਚੰਡੀਗੜ੍ਹ, 03 ਜਨਵਰੀ 2025: India vs Australia: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਟੈਸਟ ਮੈਚ ਜੋ ਕਿ ਸਿਡਨੀ ‘ਚ ਖੇਡਿਆ ਜਾ ਰਿਹਾ ਹੈ | ਇਸ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ |
ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ (Jasprit Bumrah) ਨੇ ਆਸਟ੍ਰੇਲੀਆ (IND vs AUS) ਖ਼ਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ‘ਚ ਦੋ ਬਦਲਾਅ ਕੀਤੇ ਗਏ ਹਨ। ਰੋਹਿਤ ਸ਼ਰਮਾ ਦੀ ਜਗ੍ਹਾ ਸ਼ੁਭਮਨ ਗਿੱਲ ਅਤੇ ਆਕਾਸ਼ ਦੀਪ ਦੀ ਜਗ੍ਹਾ ਪ੍ਰਸਿਦ ਕ੍ਰਿਸ਼ਨਾ ਨੂੰ ਭਾਰਤੀ ਟੀਮ ‘ਚ ਮੌਕਾ ਦਿੱਤਾ ਗਿਆ ਹੈ।
ਭਾਰਤ ਨੇ ਪਹਿਲੀ ਪਾਰੀ ‘ਚ 185 ਦੌੜਾਂ ਬਣਾਈਆਂ ਸਨ, ਜਵਾਬ ‘ਚ ਆਸਟ੍ਰੇਲੀਆ ਨੇ ਪਹਿਲੀ ਪਾਰੀ ‘ਚ ਸਟੰਪ ਖਤਮ ਹੋਣ ਤੱਕ ਇਕ ਵਿਕਟ ਗੁਆ ਕੇ 9 ਦੌੜਾਂ ਬਣਾਈਆਂ ਸਨ। ਪਹਿਲੇ ਦਿਨ ਦੀ ਖੇਡ ਦੀ ਆਖਰੀ ਗੇਂਦ ‘ਤੇ ਜਸਪ੍ਰੀਤ ਬੁਮਰਾਹ ਨੇ ਖਵਾਜਾ ਨੂੰ ਕੇਐੱਲ ਰਾਹੁਲ ਹੱਥੋਂ ਕੈਚ ਕਰਵਾਇਆ। ਖਵਾਜਾ ਆਊਟ ਹੋਣ ਦੇ ਨਾਲ ਹੀ ਸਟੰਪ ਘੋਸ਼ਿਤ ਕਰ ਦਿੱਤਾ ਗਿਆ। ਆਸਟ੍ਰੇਲੀਆ ਦੀ ਟੀਮ ਫਿਲਹਾਲ 176 ਦੌੜਾਂ ਨਾਲ ਪਿੱਛੇ ਹੈ। ਇਸ ਸਮੇਂ ਸੈਮ ਕੋਂਸਟਾਸ ਸੱਤ ਦੌੜਾਂ ਬਣਾ ਕੇ ਕ੍ਰੀਜ਼ ‘ਤੇ ਮੌਜੂਦ ਸੀ।
ਇਸ ਤੋਂ ਪਹਿਲਾਂ ਭਾਰਤ ਪਹਿਲੀ ਪਾਰੀ (IND vs AUS) ‘ਚ ਸਿਰਫ਼ 72.2 ਓਵਰ ਹੀ ਖੇਡ ਕੇ 185 ਦੌੜਾਂ ‘ਤੇ ਸਿਮਟ ਗਈ ਸੀ। ਭਾਰਤੀ ਟੀਮ ਲਈ ਰਿਸ਼ਭ ਪੰਤ ਨੇ ਸਭ ਤੋਂ ਵੱਧ 40 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰਵਿੰਦਰ ਜਡੇਜਾ 26 ਦੌੜਾਂ, ਕਪਤਾਨ ਜਸਪ੍ਰੀਤ ਬੁਮਰਾਹ 22 ਦੌੜਾਂ, ਸ਼ੁਭਮਨ ਗਿੱਲ 20 ਦੌੜਾਂ, ਵਿਰਾਟ ਕੋਹਲੀ 17 ਦੌੜਾਂ ਅਤੇ ਯਸ਼ਸਵੀ ਜੈਸਵਾਲ 10 ਦੌੜਾਂ ਹੀ ਬਣਾ ਸਕੇ।
ਇਨ੍ਹਾਂ ਤੋਂ ਇਲਾਵਾ ਹੋਰ ਬੱਲੇਬਾਜ਼ ਦੋਹਰੇ ਅੰਕੜੇ ਨੂੰ ਵੀ ਨਹੀਂ ਛੂਹ ਸਕੇ। ਕੇਐਲ ਰਾਹੁਲ ਚਾਰ ਦੌੜਾਂ, ਪ੍ਰਸਿਦ ਕ੍ਰਿਸ਼ਨ ਤਿੰਨ ਦੌੜਾਂ ਅਤੇ ਮੁਹੰਮਦ ਸਿਰਾਜ ਤਿੰਨ ਦੌੜਾਂ ਹੀ ਬਣਾ ਸਕੇ। ਨਿਤੀਸ਼ ਰੈੱਡੀ ਖਾਤਾ ਨਹੀਂ ਖੋਲ੍ਹ ਸਕੇ। ਆਸਟ੍ਰੇਲੀਆ ਲਈ ਸਕਾਟ ਬੋਲੈਂਡ ਨੇ ਚਾਰ ਵਿਕਟਾਂ ਲਈਆਂ ਜਦਕਿ ਮਿਸ਼ੇਲ ਸਟਾਰਕ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। ਕਪਤਾਨ ਪੈਟ ਕਮਿੰਸ ਨੇ ਦੋ ਵਿਕਟਾਂ ਲਈਆਂ ਜਦਕਿ ਨਾਥਨ ਲਿਓਨ ਨੂੰ ਇਕ ਵਿਕਟ ਮਿਲੀ ਹੈ ।
Read More: ICC Ranking: ਟੈਸਟ ਰੈਂਕਿੰਗ ‘ਚ ਜਸਪ੍ਰੀਤ ਬੁਮਰਾਹ ਨੰਬਰ-1 ਗੇਂਦਬਾਜ, ਇਹ ਖਾਸ ਰਿਕਾਰਡ ਵੀ ਕੀਤਾ ਆਪਣੇ ਨਾਮ