ਚੰਡੀਗੜ੍ਹ, 15 ਜਨਵਰੀ 2024: ਇੰਦੌਰ ‘ਚ ਖੇਡੇ ਗਏ ਦੂਜੇ ਟੀ-20 ‘ਚ ਅਫਗਾਨਿਸਤਾਨ ‘ਤੇ ਜਿੱਤ ਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ ‘ਚ 2-0 ਦੀ ਜੇਤੂ ਬੜ੍ਹਤ ਬਣਾ ਲਈ ਹੈ। ਇਸ ਮੈਚ ‘ਚ ਜਿੱਤ ਦੇ ਨਾਲ ਹੀ ਕਪਤਾਨ ਰੋਹਿਤ ਸ਼ਰਮਾ (Rohit Sharma) ਨੇ ਕਈ ਰਿਕਾਰਡ ਬਣਾਏ ਹਨ। ਹਿਟਮੈਨ ਨੇ ਪਾਕਿਸਤਾਨ ਦੇ ਸਾਬਕਾ ਕਪਤਾਨ ਸਰਫਰਾਜ਼ ਅਹਿਮਦ ਅਤੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਇਸ ਦੇ ਨਾਲ ਹੀ ਸ਼ਿਵਮ ਦੂਬੇ ਨੇ ਵਿਰਾਟ ਕੋਹਲੀ ਦੀ ਬਰਾਬਰੀ ਕਰ ਲਈ ਹੈ।
36 ਸਾਲਾ ਰੋਹਿਤ ਸ਼ਰਮਾ (Rohit Sharma) ਲਗਾਤਾਰ 10 ਦੁਵੱਲੀ ਟੀ-20 ਸੀਰੀਜ਼ ਜਿੱਤਣ ਵਾਲੇ ਦੁਨੀਆ ਦੇ ਦੂਜੇ ਕਪਤਾਨ ਬਣ ਗਏ ਹਨ। ਇਸ ਤੋਂ ਪਹਿਲਾਂ ਸਰਫਰਾਜ਼ ਨੇ ਇਹ ਰਿਕਾਰਡ ਬਣਾਇਆ ਸੀ। ਅਫਗਾਨਿਸਤਾਨ ‘ਤੇ ਲੜੀ ਜਿੱਤ ਰੋਹਿਤ ਦੀ ਕਪਤਾਨ ਵਜੋਂ 12ਵੀਂ ਦੁਵੱਲੀ ਟੀ-20 ਸੀਰੀਜ਼ ਜਿੱਤ ਸੀ। ਇਹ ਵੀ ਇੱਕ ਨਵਾਂ ਰਿਕਾਰਡ ਹੈ। ਇਸ ਦੇ ਨਾਲ ਉਨ੍ਹਾਂ ਨੇ ਕਪਤਾਨ ਦੇ ਤੌਰ ‘ਤੇ ਸਭ ਤੋਂ ਜ਼ਿਆਦਾ ਟੀ-20 ਮੈਚ ਜਿੱਤਣ ਦੇ ਧੋਨੀ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ। ਧੋਨੀ ਦੀ ਕਪਤਾਨੀ ‘ਚ ਭਾਰਤੀ ਟੀਮ ਨੇ 72 ਮੈਚ ਖੇਡੇ ਅਤੇ 41 ਜਿੱਤੇ। ਰੋਹਿਤ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ 53 ਮੈਚ ਖੇਡੇ ਹਨ ਅਤੇ 41 ਵਿੱਚ ਜਿੱਤ ਦਰਜ ਕੀਤੀ ਹੈ। ਵਿਰਾਟ ਕੋਹਲੀ 30 ਜਿੱਤਾਂ ਨਾਲ ਤੀਜੇ ਸਥਾਨ ‘ਤੇ ਹਨ।
ਸ਼ਿਵਮ ਦੂਬੇ ਨੇ ਵਿਰਾਟ ਕੋਹਲੀ ਦੀ ਕੀਤੀ ਬਰਾਬਰੀ
ਭਾਰਤ ਦੀ ਜਿੱਤ ਦੇ ਨਾਇਕ ਰਹੇ ਸ਼ਿਵਮ ਦੂਬੇ (Shivam Dubey) ਨੇ 63 ਦੌੜਾਂ ਦੀ ਨਾਬਾਦ ਪਾਰੀ ਖੇਡੀ ਅਤੇ ਇੱਕ ਵਿਕਟ ਵੀ ਲਈ। ਪਿਛਲੇ ਮੈਚ ਵਿਚ ਵੀ ਉਸ ਨੇ ਨਾਬਾਦ 60 ਦੌੜਾਂ ਬਣਾਈਆਂ ਸਨ ਅਤੇ ਇਕ ਵਿਕਟ ਲਈ ਸੀ ਅਤੇ ਵਿਸ਼ੇਸ਼ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ। ਸ਼ਿਵਮ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਅਰਧ ਸੈਂਕੜਾ ਲਗਾਉਣ ਅਤੇ ਵਿਕਟ ਲੈਣ ਵਾਲੇ ਕੁਝ ਖਾਸ ਭਾਰਤੀ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਸੀ।
ਹਾਲਾਂਕਿ ਹੁਣ ਦੂਜੀ ਵਾਰ ਅਜਿਹਾ ਕਰਕੇ ਉਨ੍ਹਾਂ ਨੇ ਵਿਰਾਟ ਕੋਹਲੀ ਦੀ ਬਰਾਬਰੀ ਕਰ ਲਈ ਹੈ। ਹੁਣ ਉਨ੍ਹਾਂ ਤੋਂ ਅੱਗੇ ਸਿਰਫ਼ ਯੁਵਰਾਜ ਸਿੰਘ ਹਨ, ਜਿਨ੍ਹਾਂ ਨੇ ਇਹ ਤਿੰਨ ਵਾਰ ਕੀਤਾ ਸੀ। ਉਸਨੇ 2009 ਅਤੇ 2012 ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ। ਜਦਕਿ ਵਿਰਾਟ ਕੋਹਲੀ ਦੋ ਵਾਰ ਅਜਿਹਾ ਕਰ ਚੁੱਕੇ ਹਨ। ਉਸਨੇ ਇਹ ਰਿਕਾਰਡ 2012 ਅਤੇ 2016 ਵਿੱਚ ਬਣਾਇਆ ਸੀ।