July 4, 2024 5:26 pm
IND vs AFG

IND vs AFG: 11 ਜਨਵਰੀ ਨੂੰ ਮੋਹਾਲੀ ‘ਚ ਹੋਵੇਗਾ ਭਾਰਤ-ਅਫਗਾਨਿਸਤਾਨ ਵਿਚਾਲੇ ਟੀ-20 ਮੈਚ

ਚੰਡੀਗੜ੍ਹ, 03 ਜਨਵਰੀ 2024: ਮੋਹਾਲੀ ‘ਚ 11 ਜਨਵਰੀ ਨੂੰ ਭਾਰਤ ਅਤੇ ਅਫਗਾਨਿਸਤਾਨ (IND vs AFG) ਵਿਚਾਲੇ ਟੀ-20 ਮੈਚ ਖੇਡਿਆ ਜਾ ਰਿਹਾ ਹੈ। ਇਹ ਮੈਚ ਮੋਹਾਲੀ ਦੇ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ਦਾ ਆਖ਼ਰੀ ਅੰਤਰਰਾਸ਼ਟਰੀ ਮੈਚ ਹੋ ਸਕਦਾ ਹੈ। ਕਿਉਂਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਨਵਾਂ ਸਟੇਡੀਅਮ ਨਿਊ ਚੰਡੀਗੜ੍ਹ ਵਿੱਚ ਤਿਆਰ ਹੈ। ਇਸ ਤੋਂ ਪਹਿਲਾਂ ਰਣਜੀ ਅਤੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਮੈਚ ਇਸ ਵਿੱਚ ਖੇਡੇ ਜਾ ਚੁੱਕੇ ਹਨ। ਹੁਣ ਛੇਤੀ ਹੀ ਇੱਥੇ ਅੰਤਰਰਾਸ਼ਟਰੀ ਮੈਚ ਵੀ ਖੇਡੇ ਜਾਣਗੇ। ਇਹ ਸੀਰੀਜ਼ 11 ਜਨਵਰੀ ਤੋਂ 17 ਜਨਵਰੀ, 2024 ਤੱਕ ਹੋਣੀ ਹੈ | ਤਿੰਨ ਵੱਖ-ਵੱਖ ਥਾਵਾਂ – ਮੋਹਾਲੀ, ਇੰਦੌਰ ਅਤੇ ਬੈਂਗਲੁਰੂ ‘ਤੇ ਕਰਵਾਈ ਜਾਵੇਗੀ।

ਨਿਊ ਚੰਡੀਗੜ੍ਹ ਵਿੱਚ ਪੰਜਾਬ ਕ੍ਰਿਕਟ ਸਟੇਡੀਅਮ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਗਿਆ ਹੈ। ਹੁਣ ਇਹ ਸਟੇਡੀਅਮ ਅੰਤਰਰਾਸ਼ਟਰੀ ਮੈਚਾਂ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਮਾਮਲੇ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਦਿਲਸ਼ੇਰ ਖੰਨਾ ਨੇ ਕਿਹਾ ਕਿ ਛੇਤੀ ਹੀ ਬੀਸੀਸੀਆਈ ਅਧਿਕਾਰੀ ਸਟੇਡੀਅਮ ਦਾ ਅੰਤਿਮ ਸਰਵੇਖਣ ਕਰਨਗੇ। ਬੀਸੀਸੀਆਈ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਅਗਲੇ ਸਾਰੇ ਮੈਚ (IND vs AFG) ਨਵੇਂ ਸਟੇਡੀਅਮ ਵਿੱਚ ਖੇਡੇ ਜਾਣਗੇ। ਉਹ ਸਟੇਡੀਅਮ ਅਤਿ-ਆਧੁਨਿਕ ਸਹੂਲਤਾਂ ਨਾਲ ਬਣਾਇਆ ਗਿਆ ਹੈ।

ਨਿਊ ਚੰਡੀਗੜ੍ਹ ਵਿੱਚ ਬਣਿਆ ਕ੍ਰਿਕਟ ਸਟੇਡੀਅਮ ਦੇਸ਼ ਦਾ ਇੱਕੋ ਇੱਕ ਅਜਿਹਾ ਸਟੇਡੀਅਮ ਹੈ ਜਿਸ ਵਿੱਚ ਲਾਲ ਅਤੇ ਕਾਲੀ ਮਿੱਟੀ ਦੀਆਂ ਪਿੱਚਾਂ ਹਨ। ਸਟੇਡੀਅਮ ਦੀ ਪਿੱਚ ਭਿਵਾਨੀ ਦੀ ਕਾਲੀ ਮਿੱਟੀ ਤੋਂ ਬਣਾਈ ਗਈ ਹੈ। ਸਟੇਡੀਅਮ ਦੀ ਗਰਾਊਂਡ ਬੀ ਅਤੇ ਅਭਿਆਸ ਪਿੱਚ ਲਾਲ ਮਿੱਟੀ ਨਾਲ ਬਣੀ ਹੋਈ ਹੈ। ਲਾਲ ਮਿੱਟੀ ਦੀ ਪਿੱਚ ਵਿੱਚ ਵਧੇਰੇ ਉਛਾਲ ਅਤੇ ਗਤੀ ਹੈ। ਇਹ ਤੇਜ਼ ਗੇਂਦਬਾਜ਼ਾਂ ਲਈ ਬਿਹਤਰ ਮੰਨਿਆ ਜਾਂਦਾ ਹੈ। ਜਦੋਂ ਕਿ ਕਾਲੀ ਮਿੱਟੀ ਛੇਤੀ ਟੁੱਟ ਜਾਂਦੀ ਹੈ, ਇਸ ਲਈ ਇਹ ਸਪਿਨਰਾਂ ਲਈ ਸਹਾਇਕ ਹੈ।