India

IND vs AFG: ਦਿੱਲੀ ‘ਚ ਭਲਕੇ ਚੌਥੀ ਵਾਰ ਵਿਸ਼ਵ ਕੱਪ ਦਾ ਮੈਚ ਖੇਡੇਗਾ ਭਾਰਤ, ਘਰੇਲੂ ਮੈਦਾਨ ‘ਤੇ ਅਫਗਾਨਿਸਤਾਨ ਖ਼ਿਲਾਫ਼ ਪਹਿਲਾ ਵਨਡੇ

ਚੰਡੀਗ੍ਹੜ, 10 ਅਕਤੂਬਰ 2023: (IND vs AFG)  ਭਾਰਤੀ ਟੀਮ (India) ਵਨਡੇ ਵਿਸ਼ਵ ਕੱਪ ‘ਚ ਆਪਣਾ ਦੂਜਾ ਮੈਚ ਬੁੱਧਵਾਰ (11 ਅਕਤੂਬਰ) ਨੂੰ ਖੇਡੇਗੀ। ਇਸ ਦਾ ਸਾਹਮਣਾ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਅਫਗਾਨਿਸਤਾਨ ਨਾਲ ਹੋਵੇਗਾ। ਦੋਵਾਂ ਟੀਮਾਂ ਦਾ ਇਹ ਦੂਜਾ ਮੈਚ ਹੋਵੇਗਾ। ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ‘ਚ ਆਸਟ੍ਰੇਲੀਆ ਨੂੰ ਹਰਾਇਆ ਸੀ। ਇਸ ਦੇ ਨਾਲ ਹੀ ਅਫਗਾਨਿਸਤਾਨ ਨੂੰ ਬੰਗਲਾਦੇਸ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਅਫਗਾਨਿਸਤਾਨ ਦੀ ਟੀਮ ਭਾਰਤੀ ਧਰਤੀ ‘ਤੇ ਪਹਿਲੀ ਵਾਰ ਭਾਰਤੀ ਟੀਮ ਖ਼ਿਲਾਫ਼ ਵਨਡੇ ਮੈਚ ਖੇਡੇਗੀ।

ਭਾਰਤੀ ਟੀਮ (India) ਦੀ ਗੱਲ ਕਰੀਏ ਤਾਂ ਇਹ ਦਿੱਲੀ ਵਿੱਚ ਚੌਥੀ ਵਾਰ ਵਿਸ਼ਵ ਕੱਪ ਵਿੱਚ ਮੈਚ ਖੇਡੇਗੀ। ਇਹ ਟੂਰਨਾਮੈਂਟ ਚੌਥੀ ਵਾਰ ਏਸ਼ੀਆ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤੀ
ਟੀਮ ਤਿੰਨੋਂ ਮੌਕਿਆਂ ‘ਤੇ ਦਿੱਲੀ ‘ਚ ਘੱਟੋ-ਘੱਟ ਇਕ ਮੈਚ ਖੇਡ ਚੁੱਕੀ ਹੈ। 1987 ਵਿੱਚ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ 56 ਦੌੜਾਂ ਨਾਲ ਹਰਾਇਆ ਸੀ। 1996 ‘ਚ ਸ਼੍ਰੀਲੰਕਾ ਖਿਲਾਫ ਛੇ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਨਾਲ ਹੀ 2011 ਵਿੱਚ ਨੀਦਰਲੈਂਡ ਨੂੰ ਪੰਜ ਵਿਕਟਾਂ ਨਾਲ ਹਰਾਇਆ ਸੀ। ਇਸ ਤਰ੍ਹਾਂ ਟੀਮ ਨੇ ਇੱਥੇ ਵਿਸ਼ਵ ਕੱਪ ਦੇ ਤਿੰਨ ਵਿੱਚੋਂ ਦੋ ਮੈਚ ਜਿੱਤੇ ਹਨ।

ਭਾਰਤ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਵਨਡੇ ‘ਚ ਚੌਥੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਭਾਰਤ ਨੇ ਤਿੰਨ ਮੈਚਾਂ ਵਿੱਚ ਦੋ ਜਿੱਤਾਂ ਦਰਜ ਕੀਤੀਆਂ ਸਨ। ਇੱਕ ਮੈਚ ਟਾਈ ਹੋ ਗਿਆ ਹੈ। ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਪਹਿਲਾ ਵਨਡੇ ਮੈਚ 2014 ਵਿੱਚ ਮੀਰਪੁਰ ਵਿੱਚ ਖੇਡਿਆ ਗਿਆ ਸੀ। ਉਦੋਂ ਭਾਰਤੀ ਟੀਮ ਅੱਠ ਵਿਕਟਾਂ ਨਾਲ ਜਿੱਤ ਗਈ ਸੀ। 2018 ਵਿੱਚ ਦੁਬਈ ਵਿੱਚ ਹੋਇਆ ਮੈਚ ਟਾਈ ਵਿੱਚ ਸਮਾਪਤ ਹੋਇਆ। ਜਦਕਿ 2019 ‘ਚ ਭਾਰਤ ਨੇ ਇਹ ਮੈਚ 11 ਦੌੜਾਂ ਨਾਲ ਜਿੱਤਿਆ ਸੀ। ਚਾਰ ਸਾਲ ਬਾਅਦ ਹੁਣ ਦੋਵੇਂ ਟੀਮਾਂ ਵਨਡੇ ‘ਚ ਆਹਮੋ-ਸਾਹਮਣੇ ਹੋਣਗੀਆਂ।

ਇਸਦੇ ਨਾਲ ਹੀ ਵਿਰਾਟ ਕੋਹਲੀ ਦੀ ਨਜ਼ਰ ਅਫਗਾਨਿਸਤਾਨ ਖ਼ਿਲਾਫ਼ ਮੈਚ ‘ਚ ਖਾਸ ਰਿਕਾਰਡ ਬਣਾਉਣ ‘ਤੇ ਹੋਵੇਗੀ। ਉਹ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਭਾਰਤੀ ਬੱਲੇਬਾਜ਼ ਬਣ ਸਕਦਾ ਹੈ। ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਇੱਥੇ ਅੱਠ ਵਨਡੇ ਮੈਚਾਂ ਵਿੱਚ 300 ਦੌੜਾਂ ਬਣਾਈਆਂ ਸਨ। ਕੋਹਲੀ ਦੇ ਨਾਂ ਸੱਤ ਮੈਚਾਂ ਵਿੱਚ 222 ਦੌੜਾਂ ਹਨ। ਜੇਕਰ ਉਹ ਅਫਗਾਨਿਸਤਾਨ ਖਿਲਾਫ 79 ਦੌੜਾਂ ਬਣਾ ਲੈਂਦਾ ਹੈ ਤਾਂ ਉਹ ਸਚਿਨ ਤੋਂ ਅੱਗੇ ਹੋ ਜਾਵੇਗਾ।

Scroll to Top