Rohit Sharma

IND vs AFG: ਭਾਰਤ ਨੇ ਅਫਗਾਨਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾਇਆ, ਕਪਤਾਨ ਰੋਹਿਤ ਸ਼ਰਮਾ ਨੇ ਤੋੜੇ ਕਈਂ ਰਿਕਾਰਡ

ਚੰਡੀਗੜ੍ਹ 11 ਅਕਤੂਬਰ 2023: ਵਨਡੇ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਦੂਜਾ ਮੈਚ ਅਫਗਾਨਿਸਤਾਨ ਨਾਲ ਸੀ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 272 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤ ਨੇ 35 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।

ਕਪਤਾਨ ਰੋਹਿਤ ਸ਼ਰਮਾ (Rohit Sharma) ਨੇ 84 ਗੇਂਦਾਂ ਵਿੱਚ 16 ਚੌਕਿਆਂ ਅਤੇ ਪੰਜ ਛੱਕਿਆਂ ਦੀ ਮੱਦਦ ਨਾਲ 131 ਦੌੜਾਂ ਦੀ ਪਾਰੀ ਖੇਡੀ। ਉਥੇ ਹੀ ਵਿਰਾਟ ਕੋਹਲੀ 56 ਗੇਂਦਾਂ ‘ਚ 55 ਦੌੜਾਂ ਬਣਾ ਕੇ ਨਾਬਾਦ ਰਹੇ। ਉਸ ਨੇ 35ਵੇਂ ਓਵਰ ਦੀ ਆਖਰੀ ਗੇਂਦ ‘ਤੇ ਚੌਕਾ ਜੜ ਕੇ ਭਾਰਤੀ ਟੀਮ ਨੂੰ ਜਿੱਤ ਦਿਵਾਈ। ਵਿਰਾਟ ਦੇ ਵਨਡੇ ਕਰੀਅਰ ਦਾ ਇਹ 68ਵਾਂ ਅਰਧ ਸੈਂਕੜਾ ਸੀ। ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਲਗਾਤਾਰ ਦੂਜਾ ਅਰਧ ਸੈਂਕੜਾ ਸੀ। ਵਿਰਾਟ ਨੇ ਆਸਟ੍ਰੇਲੀਆ ਖਿਲਾਫ ਪਿਛਲੇ ਮੈਚ ‘ਚ 85 ਦੌੜਾਂ ਬਣਾਈਆਂ ਸਨ। ਭਾਰਤ ਦਾ ਅਗਲਾ ਮੈਚ ਹੁਣ 14 ਅਕਤੂਬਰ ਨੂੰ ਅਹਿਮਦਾਬਾਦ ਵਿੱਚ ਪਾਕਿਸਤਾਨ ਖ਼ਿਲਾਫ਼ ਹੈ।

ਵਨਡੇ ਵਿਸ਼ਵ ਕੱਪ ‘ਚ ਸਭ ਤੋਂ ਵੱਧ ਸੈਂਕੜੇ

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਬੁੱਧਵਾਰ (11 ਅਕਤੂਬਰ) ਨੂੰ ਵਨਡੇ ਵਿਸ਼ਵ ਕੱਪ ਵਿੱਚ ਇਤਿਹਾਸ ਰਚ ਦਿੱਤਾ। ਉਸ ਨੇ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਅਫਗਾਨਿਸਤਾਨ ਖਿਲਾਫ ਸ਼ਾਨਦਾਰ ਸੈਂਕੜਾ ਲਗਾਇਆ। ਰੋਹਿਤ ਵਨਡੇ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਇਸ ਮਾਮਲੇ ‘ਚ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ। ਰੋਹਿਤ ਦੇ ਨਾਂ ਸੱਤ ਸੈਂਕੜੇ ਹਨ। ਤੇਂਦੁਲਕਰ ਨੇ ਛੇ ਸੈਂਕੜੇ ਲਗਾਏ ਸਨ।

ਰੋਹਿਤ ਸ਼ਰਮਾ ਨੂੰ 2015 ਵਿੱਚ ਪਹਿਲੀ ਵਾਰ ਵਿਸ਼ਵ ਕੱਪ ਖੇਡਣ ਦਾ ਮੌਕਾ ਮਿਲਿਆ ਸੀ। ਉਸ ਨੇ ਉਸ ਐਡੀਸ਼ਨ ਵਿੱਚ ਸੈਂਕੜਾ ਲਗਾਇਆ ਸੀ। ਚਾਰ ਸਾਲ ਬਾਅਦ ਜਦੋਂ ਉਹ 2019 ਵਿੱਚ ਵਿਸ਼ਵ ਕੱਪ ਖੇਡਣ ਇੰਗਲੈਂਡ ਆਇਆ ਤਾਂ ਉਸ ਨੇ ਪੰਜ ਸੈਂਕੜੇ ਲਾਏ। ਹੁਣ ਅਫਗਾਨਿਸਤਾਨ ਖਿਲਾਫ ਸੈਂਕੜਾ ਖੇਡ ਕੇ ਉਸ ਨੇ ਤੇਂਦੁਲਕਰ ਦਾ 12 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਸਚਿਨ ਨੇ 1992 ਤੋਂ 2011 ਤੱਕ ਛੇ ਵਿਸ਼ਵ ਕੱਪਾਂ ਦੌਰਾਨ 45 ਮੈਚਾਂ ਵਿੱਚ ਛੇ ਸੈਂਕੜੇ ਲਗਾਏ ਸਨ। ਰੋਹਿਤ ਨੇ ਵਿਸ਼ਵ ਕੱਪ ਦੇ ਆਪਣੇ 19ਵੇਂ ਮੈਚ ਵਿੱਚ ਹੀ ਸਚਿਨ ਤੇਂਦੁਲਕਰ ਨੂੰ ਪਛਾੜ ਦਿੱਤਾ।

ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲਾ ਖਿਡਾਰੀ

ਰੋਹਿਤ (Rohit Sharma) ਨੇ 63 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਉਹ ਵਨਡੇ ਵਿਸ਼ਵ ਕੱਪ ਵਿੱਚ ਭਾਰਤ ਲਈ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲਾ ਖਿਡਾਰੀ ਬਣ ਗਿਆ। ਇਸ ਮਾਮਲੇ ‘ਚ ਰੋਹਿਤ ਨੇ ਮਹਾਨ ਕਪਤਾਨ ਕਪਿਲ ਦੇਵ ਦਾ ਰਿਕਾਰਡ ਤੋੜ ਦਿੱਤਾ ਹੈ। ਕਪਿਲ ਦੇਵ ਨੇ 1983 ਦੇ ਵਿਸ਼ਵ ਕੱਪ ਵਿੱਚ ਜ਼ਿੰਬਾਬਵੇ ਖ਼ਿਲਾਫ਼ ਸਿਰਫ਼ 72 ਗੇਂਦਾਂ ਵਿੱਚ ਸੈਂਕੜਾ ਜੜਿਆ ਸੀ। ਕਪਿਲ ਦੇਵ ਤੋਂ ਬਾਅਦ ਵੀਰੇਂਦਰ ਸਹਿਵਾਗ ਦਾ ਨੰਬਰ ਆਉਂਦਾ ਹੈ। ਉਨ੍ਹਾਂ ਨੇ 2007 ‘ਚ ਬਰਮੂਡਾ ਖਿਲਾਫ 81 ਗੇਂਦਾਂ ‘ਤੇ ਸੈਂਕੜਾ ਲਗਾਇਆ ਸੀ।

ਰੋਹਿਤ ਨੇ ਕ੍ਰਿਸ ਗੇਲ ਦੇ ਛੱਕਿਆਂ ਦਾ ਰਿਕਾਰਡ ਤੋੜਿਆ

ਅਫਗਾਨਿਸਤਾਨ ਖਿਲਾਫ ਮੈਚ ‘ਚ ਰੋਹਿਤ ਨੇ ਵੱਡਾ ਰਿਕਾਰਡ ਬਣਾਇਆ। ਉਹ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਦੁਨੀਆ ਦੇ ਬੱਲੇਬਾਜ਼ ਬਣ ਗਏ ਹਨ। ਇਸ ਮਾਮਲੇ ‘ਚ ਉਨ੍ਹਾਂ ਨੇ ਵੈਸਟਇੰਡੀਜ਼ ਦੇ ਸਾਬਕਾ ਬੱਲੇਬਾਜ਼ ਕ੍ਰਿਸ ਗੇਲ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਮੈਚ ‘ਚ ਉਤਰਨ ਤੋਂ ਪਹਿਲਾਂ ਹਿਟਮੈਨ ਨੂੰ ਸਭ ਤੋਂ ਜ਼ਿਆਦਾ ਛੱਕਿਆਂ ਦਾ ਰਿਕਾਰਡ ਆਪਣੇ ਨਾਂ ਕਰਨ ਲਈ ਤਿੰਨ ਛੱਕੇ ਚਾਹੀਦੇ ਸਨ।

ਕ੍ਰਿਸ ਗੇਲ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ 553 ਛੱਕੇ ਲਗਾਏ ਸਨ। ਉਨ੍ਹਾਂ ਨੇ 483 ਅੰਤਰਰਾਸ਼ਟਰੀ ਮੈਚਾਂ ਦੀਆਂ 551 ਪਾਰੀਆਂ ‘ਚ ਅਜਿਹਾ ਕੀਤਾ। ਇਸ ਦੇ ਨਾਲ ਹੀ ਰੋਹਿਤ ਨੇ ਇਹ ਰਿਕਾਰਡ ਸਿਰਫ 453 ਅੰਤਰਰਾਸ਼ਟਰੀ ਮੈਚਾਂ ਦੀ ਆਪਣੀ 473ਵੀਂ ਪਾਰੀ ‘ਚ ਹਾਸਲ ਕੀਤਾ। ਉਨ੍ਹਾਂ ਨੇ 556 ਛੱਕੇ ਲਗਾ ਚੁੱਕੇ ਹਨ ।

Scroll to Top