July 4, 2024 5:24 pm
IND vs AFG

IND vs AFG : ਪਹਿਲੀ ਵਾਰ ਦੁਵੱਲੀ ਟੀ-20 ਸੀਰੀਜ਼ ‘ਚ ਮੋਹਾਲੀ ਵਿਖੇ ਭਾਰਤ-ਅਫਗਾਨਿਸਤਾਨ ਆਹਮੋ-ਸਾਹਮਣੇ

ਚੰਡੀਗੜ੍ਹ, 11 ਜਨਵਰੀ 2024: ਭਾਰਤ ਅਤੇ ਅਫਗਾਨਿਸਤਾਨ (IND vs AFG) ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ ਮੋਹਾਲੀ ‘ਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7 ਵਜੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਆਈਐਸ ਬਿੰਦਰਾ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਟਾਸ ਸ਼ਾਮ 6:30 ਵਜੇ ਹੋਵੇਗਾ। ਇਸ ਸਾਲ ਟੀਮ ਇੰਡੀਆ ਦਾ ਇਹ ਪਹਿਲਾ ਟੀ-20 ਮੈਚ ਹੋਵੇਗਾ।

ਟੀ-20 ਵਿਸ਼ਵ ਕੱਪ 2024 ਦੇ ਨਜ਼ਰੀਏ ਤੋਂ ਇਹ ਸੀਰੀਜ਼ ਭਾਰਤ ਲਈ ਮਹੱਤਵਪੂਰਨ ਹੈ। ਟੂਰਨਾਮੈਂਟ ਤੋਂ ਪਹਿਲਾਂ ਇਹ ਭਾਰਤ ਦੀ ਆਖਰੀ ਟੀ-20 ਸੀਰੀਜ਼ ਹੈ। ਇਸ ਤੋਂ ਬਾਅਦ ਭਾਰਤ ਇੰਗਲੈਂਡ ਖਿਲਾਫ 5 ਟੈਸਟ ਮੈਚ ਖੇਡੇਗਾ ਅਤੇ ਫਿਰ IPL ਸ਼ੁਰੂ ਹੋਵੇਗਾ। ਆਈਪੀਐਲ ਮਈ ਦੇ ਤੀਜੇ ਹਫ਼ਤੇ ਤੱਕ ਚੱਲਣ ਦੀ ਉਮੀਦ ਹੈ। ਟੂਰਨਾਮੈਂਟ ਦੇ ਤੁਰੰਤ ਬਾਅਦ, ਟੀ-20 ਵਿਸ਼ਵ ਕੱਪ ਵੀ 1 ਜੂਨ ਤੋਂ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਸ਼ੁਰੂ ਹੋਵੇਗਾ।

ਇਹ ਪਹਿਲੀ ਵਾਰ ਹੈ ਜਦੋਂ ਦੋਵਾਂ (IND vs AFG) ਟੀਮਾਂ ਵਿਚਾਲੇ ਦੁਵੱਲੀ ਟੀ-20 ਸੀਰੀਜ਼ ਖੇਡੀ ਜਾਵੇਗੀ। ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਫਾਰਮੈਟ ‘ਚ 5 ਮੈਚ ਹੋ ਚੁੱਕੇ ਹਨ। ਭਾਰਤ ਨੇ 4 ਵਿੱਚ ਜਿੱਤ ਦਰਜ ਕੀਤੀ, ਜਦਕਿ ਇੱਕ ਮੈਚ ਨਿਰਣਾਇਕ ਰਿਹਾ। ਇਹ ਸਾਰੇ ਮੈਚ ਟੀ-20 ਵਿਸ਼ਵ ਕੱਪ ਅਤੇ ਏਸ਼ੀਆ ਕੱਪ ਵਿੱਚ ਖੇਡੇ ਗਏ ਸਨ। ਯਸ਼ਸਵੀ ਜੈਸਵਾਲ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਪਾਰੀ ਦੀ ਸ਼ੁਰੂਆਤ ਕਰੇਗਾ, ਜਦਕਿ ਸ਼ੁਭਮਨ ਗਿੱਲ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰੇਗਾ। ਵਿਰਾਟ ਕੋਹਲੀ ਨਿੱਜੀ ਕਾਰਨਾਂ ਕਰਕੇ ਪਹਿਲਾ ਟੀ-20 ਨਹੀਂ ਖੇਡਣਗੇ।

ਇਹ ਇਸ ਸਾਲ ਭਾਰਤ ਦਾ ਪਹਿਲਾ ਟੀ-20 ਮੈਚ ਹੋਵੇਗਾ। ਸੂਰਿਆਕੁਮਾਰ ਯਾਦਵ ਪਿਛਲੇ ਸਾਲ ਟੀਮ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ, ਪਰ ਸੱਟ ਕਾਰਨ ਉਹ ਸੀਰੀਜ਼ ਨਹੀਂ ਖੇਡ ਰਹੇ ਹਨ। ਦੂਜੇ ਨੰਬਰ ‘ਤੇ ਯਸ਼ਸਵੀ ਜੈਸਵਾਲ ਹੈ। ਜਿੱਥੇ 2023 ‘ਚ ਅਰਸ਼ਦੀਦ ਸਿੰਘ ਨੇ ਟੀਮ ਲਈ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ, ਉੱਥੇ ਹੀ ਉਨ੍ਹਾਂ ਦੇ ਨਾਂ 26 ਵਿਕਟਾਂ ਸਨ।