ਚੰਡੀਗੜ੍ਹ, 10 ਜਨਵਰੀ 2024: ( IND vs AFG ) ਭਾਰਤ ‘ਚ ਤਿੰਨ ਵਨਡੇ ਵਿਸ਼ਵ ਕੱਪ ਚੈਂਪੀਅਨ ਇੰਗਲੈਂਡ, ਪਾਕਿਸਤਾਨ ਅਤੇ ਸ਼੍ਰੀਲੰਕਾ ਨੂੰ ਹਰਾਉਣ ਵਾਲੀ ਅਫਗਾਨਿਸਤਾਨ ਦੀ ਟੀਮ ਇਕ ਵਾਰ ਫਿਰ ਭਾਰਤੀ ਟੀਮ ਦਾ ਮੁਕਾਬਲਾ ਕਰੇਗੀ । ਟੀਮ ਭਾਰਤ ‘ਚ ਭਲਕੇ ਯਾਨੀ 11 ਜਨਵਰੀ ਤੋਂ 3 ਟੀ-20 ਸੀਰੀਜ਼ ਦਾ ਪਹਿਲਾ ਮੈਚ ਖੇਡੇਗੀ। ਇਹ ਮੈਚ ਮੋਹਾਲੀ ਵਿਖੇ ਸ਼ਾਮ 7:00 ਵਜੇ ਸ਼ੁਰੂ ਹੋਵੇਗਾ | ਜੂਨ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਇਹ ਸੀਰੀਜ਼ ਮਹੱਤਵਪੂਰਨ ਹੈ।
ਅਫਗਾਨਿਸਤਾਨ ਦੀ ਟੀਮ, ਜਿਸ ਨੇ ਹਾਲ ਹੀ ‘ਚ 50 ਓਵਰਾਂ ਦੇ ਫਾਰਮੈਟ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਅਫਗਾਨਿਸਤਾਨ ਨੇ ਟੀ-20 ਫਾਰਮੈਟ ‘ਚ ਖੇਡੇ ਗਏ ਕੁੱਲ ਮੈਚਾਂ ‘ਚੋਂ 63 ਫੀਸਦੀ ਜਿੱਤੇ ਹਨ। ਹਾਲਾਂਕਿ ਅਫਗਾਨਿਸਤਾਨ ਦੀ ਟੀਮ ਕਿਸੇ ਵੀ ਫਾਰਮੈਟ ‘ਚ ਭਾਰਤ ਖ਼ਿਲਾਫ਼ ਕੋਈ ਵੀ ਮੈਚ ਨਹੀਂ ਜਿੱਤ ਸਕੀ ਹੈ।
ਭਾਰਤ ਅਤੇ ਅਫਗਾਨਿਸਤਾਨ ( IND vs AFG ) ਵਿਚਾਲੇ ਟੀ-20 ਫਾਰਮੈਟ ‘ਚ 5 ਮੈਚ ਹੋ ਚੁੱਕੇ ਹਨ। ਭਾਰਤ ਨੇ 4 ਵਿੱਚ ਜਿੱਤ ਦਰਜ ਕੀਤੀ, ਜਦਕਿ ਇੱਕ ਮੈਚ ਬੇਨਤੀਜਾ ਰਿਹਾ। ਦੋਵਾਂ ਟੀਮਾਂ ਵਿਚਾਲੇ ਸਾਰੇ ਫਾਰਮੈਟਾਂ ‘ਚ 10 ਮੈਚ ਹੋਏ ਅਤੇ ਭਾਰਤ ਨੇ 8 ਜਿੱਤੇ। ਇਕ ਮੈਚ ਬਰਾਬਰੀ ‘ਤੇ ਰਿਹਾ, ਜਦਕਿ ਇਕ ਬੇਨਤੀਜਾ ਰਿਹਾ।
ਦੂਜੇ ਪਾਸੇ ਦੁਵੱਲੀ ਸੀਰੀਜ਼ ‘ਚ ਟੀਮ ਦਾ ਰਿਕਾਰਡ ਵੀ ਸ਼ਾਨਦਾਰ ਰਿਹਾ। ਟੀਮ ਨੇ 24 ਸੀਰੀਜ਼ ਖੇਡੀਆਂ ਅਤੇ 70.83% ਭਾਵ 17 ਮੈਚ ਜਿੱਤੇ । ਟੀਮ 5 ਸੀਰੀਜ਼ ਹਾਰ ਗਈ, ਜਦਕਿ 2 ਡਰਾਅ ਵੀ ਖੇਡੀ। ਅਫਗਾਨਿਸਤਾਨ ਪਹਿਲੀ ਵਾਰ ਭਾਰਤ ਖਿਲਾਫ 3 ਮੈਚਾਂ ਦੀ ਟੀ-20 ਸੀਰੀਜ਼ ਖੇਡੇਗਾ ਅਤੇ ਹੁਣ ਤੱਕ ਟੀਮ ਨੇ ਜ਼ਿਆਦਾਤਰ ਸੀਰੀਜ਼ ਸਿਰਫ ਸਹਿਯੋਗੀ ਦੇਸ਼ਾਂ ਖਿਲਾਫ ਹੀ ਖੇਡੀ ਹੈ। ਹਾਲਾਂਕਿ ਟੀਮ ਨੇ ਵੈਸਟਇੰਡੀਜ਼ ਅਤੇ ਪਾਕਿਸਤਾਨ ਨੂੰ ਟੀ-20 ਸੀਰੀਜ਼ ‘ਚ ਹਰਾਇਆ ਹੈ। ਇਸ ਲਈ ਇਹ ਭਾਰਤ ਲਈ ਵੀ ਖਤਰਾ ਬਣ ਸਕਦਾ ਹੈ।