ਬਾਘਾਪੁਰਾਣਾ, 16 ਅਪ੍ਰੈਲ 2024: ਭਾਰਤੀ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਦੀਆਂ ਹਦਾਇਤਾਂ ਅਨੁਸਾਰ ਹਲਕਾ ਬਾਘਾਪੁਰਾਣਾ ਵਿੱਚ ਸਵੀਪ ਗਤੀਵਿਧੀਆਂ ਪ੍ਰਭਾਵਸ਼ਾਲੀ ਢੰਗ ਨਾਲ ਚਲਾਈਆਂ ਜਾ ਰਹੀਆਂ ਹਨ ਤਾਂ ਕਿ ਇਸ ਵਾਰ ਪੋਲ ਫੀਸਦੀ ਵਿੱਚ ਵਾਧਾ ਕੀਤਾ ਜਾ ਸਕੇ।
ਇਹ ਜਾਣਕਾਰੀ ਦਿੰਦਿਆਂ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਬਾਘਾਪੁਰਾਣਾ ਸ੍ਰ. ਹਰਕੰਵਲਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਗਤੀਵਿਧੀਆਂ ਦੀ ਲੜੀ ਵਿੱਚ ਸੁਖਾਨੰਦ ਕਾਲਜ ਵਿੱਚ ਨੌਜਵਾਨ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਸਪੈਸ਼ਲ ਮੁਹਿੰਮ ਚਲਾਈ ਗਈ। ਨਵੇਂ ਵੋਟਰ ਆਪਣੀ ਰਜਿਸਟ੍ਰੇਸ਼ਨ 4 ਮਈ, 2024 ਤੱਕ ਕਰਵਾ ਸਕਦੇ ਹਨ, ਇਸ ਮੌਕੇ ਦਾ ਵੱਧ ਤੋਂ ਵੱਧ ਨੌਜਵਾਨਾਂ ਨੂੰ ਫਾਇਦਾ ਦਿਵਾਉਣ ਲਈ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ।
ਹਰਕੰਵਲਜੀਤ ਸਿੰਘ ਨੇ ਦੱਸਿਆ ਕਿ ਵੋਟ ਹਰ ਇੱਕ ਨਾਗਰਿਕ ਦਾ ਮੁਢਲਾ ਸੰਵਿਧਾਨਿਕ ਅਧਿਕਾਰ ਹੈ ਇਸ ਲਈ ਇਸ ਅਧਿਕਾਰ ਦਾ ਸਾਰੇ ਯੋਗ ਨਾਗਰਿਕਾਂ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਵੋਟ ਫੀਸਦੀ ਵਧਾਉਣ, ਵੋਟ ਦੇ ਸਹੀ ਇਸਤੇਮਾਲ ਲਈ ਹੀ ਹਲਕੇ ਵਿੱਚ ਸਵੀਪ ਗਤੀਵਿਧੀਆਂ ਲਗਾਤਾਰ ਆਯੋਜਿਤ ਕਰਵਾਈਆਂ ਜਾ ਰਹੀਆਂ ਹਨ।
ਇਨ੍ਹਾਂ ਸਵੀਪ ਗਤੀਵਿਧੀਆਂ ਵਿੱਚ ਆਮ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਵੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬਿਰਧ, ਦਿਵਿਆਂਗ ਤੇ ਮਹਿਲਾ ਵੋਟਰਾਂ ਨੂੰ ਵਿਸ਼ੇਸ਼ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ ਜਿਹਨਾਂ ਦਾ ਵੋਟਾਂ ਵਾਲੇ ਦਿਨ ਲਾਹਾ ਲਿਆ ਜਾ ਸਕਦਾ ਹੈ। ਹਰੇਕ ਪੋਲਿੰਗ ਬੂਥ ਉੱਪਰ ਵੋਟਰਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਕਿ ਵੋਟਰ ਬਿਨ੍ਹਾਂ ਕਿਸੇ ਡਰ ਅਤੇ ਪ੍ਰੇਸ਼ਾਨੀ ਤੋਂ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ।