ਚੰਡੀਗ੍ਹੜ,16 ਸਤੰਬਰ 2023: ਬ੍ਰਿਟਿਸ਼ ਸਰਕਾਰ ਨੇ ਐਲਾਨ ਕੀਤਾ ਹੈ ਕਿ ਵੀਜ਼ਾ ਫੀਸ (visa fee) ਵਿੱਚ ਪ੍ਰਸਤਾਵਿਤ ਵਾਧਾ 4 ਅਕਤੂਬਰ ਤੋਂ ਲਾਗੂ ਹੋਵੇਗਾ। ਇਸ ਤਹਿਤ ਛੇ ਮਹੀਨਿਆਂ ਤੋਂ ਘੱਟ ਸਮੇਂ ਲਈ ਬਰਤਾਨੀਆ ਜਾਣ ਵਾਲੇ ਸੈਲਾਨੀਆਂ ਨੂੰ ਹੁਣ ਵਾਧੂ 15 ਜੀਬੀਪੀ (ਗ੍ਰੇਟ ਬ੍ਰਿਟੇਨ ਪੌਂਡ) ਅਤੇ ਵਿਦਿਆਰਥੀਆਂ ਨੂੰ ਵੀਜ਼ਾ ਫੀਸ ਵਜੋਂ 127 ਜੀਬੀਪੀ ਵਾਧੂ ਅਦਾ ਕਰਨੇ ਪੈਣਗੇ। ਇਨ੍ਹਾਂ ਵਿੱਚ ਭਾਰਤੀ ਵੀ ਸ਼ਾਮਲ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬਿੱਲ ਸ਼ੁੱਕਰਵਾਰ ਨੂੰ ਬ੍ਰਿਟਿਸ਼ ਸੰਸਦ ‘ਚ ਪੇਸ਼ ਕੀਤਾ ਗਿਆ। ਇਸ ਦੌਰਾਨ ਬ੍ਰਿਟੇਨ ਦੇ ਗ੍ਰਹਿ ਵਿਭਾਗ ਨੇ ਕਿਹਾ ਕਿ ਹੁਣ ਵਾਧੇ ਤੋਂ ਬਾਅਦ ਬ੍ਰਿਟੇਨ ਆਉਣ ਵਾਲੇ ਸੈਲਾਨੀਆਂ ਨੂੰ ਵੀਜ਼ਾ ਫੀਸ ਵਜੋਂ 115 ਜੀਬੀਪੀ ਅਤੇ ਵਿਦਿਆਰਥੀਆਂ ਨੂੰ 490 ਜੀਬੀਪੀ ਅਦਾ ਕਰਨੇ ਪੈਣਗੇ।
ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਜੁਲਾਈ ‘ਚ ਵੀਜ਼ਾ ਫੀਸ (visa fee) ਵਧਾਉਣ ਦਾ ਐਲਾਨ ਕੀਤਾ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਬ੍ਰਿਟੇਨ ਦੀ ਸਰਕਾਰੀ ਸਿਹਤ ਸੇਵਾ ਨੈਸ਼ਨਲ ਹੈਲਥ ਸਰਵਿਸ (ਐਨ.ਐਚ.ਐਸ.) ਨੂੰ ਦਿੱਤੇ ਜਾਣ ਵਾਲੇ ਹੈਲਥ ਟੈਕਸ (ਆਈਐਚਐਸ) ਵਿੱਚ ਵਾਧਾ ਹੋਵੇਗਾ ਅਤੇ ਇਸ ਵਾਧੇ ਨਾਲ ਦੇਸ਼ ਦੇ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਸੀ ਕਿ ਵੀਜ਼ਾ ਫੀਸ ਅਤੇ ਆਈਐਚਐਸ ਵਿੱਚ ਵਾਧੇ ਨਾਲ ਲਗਭਗ ਇੱਕ ਅਰਬ ਗ੍ਰੇਟ ਬ੍ਰਿਟੇਨ ਪੌਂਡ ਇਕੱਠੇ ਹੋਣਗੇ। ਬ੍ਰਿਟੇਨ ਦੇ ਗ੍ਰਹਿ ਵਿਭਾਗ ਨੇ ਵੀਜ਼ਾ ਫੀਸ ਵਿੱਚ 15 ਫੀਸਦੀ ਅਤੇ ਪ੍ਰਾਇਮਰੀ ਵੀਜ਼ਾ, ਵਿਦਿਆਰਥੀ ਵੀਜ਼ਾ ਅਤੇ ਸਰਟੀਫੀਕੇਟ ਆਫ ਸਪਾਂਸਰਸ਼ਿਪ ਵਿੱਚ 20 ਫੀਸਦੀ ਦਾ ਵਾਧਾ ਕੀਤਾ ਹੈ।