ਚੰਡੀਗੜ੍ਹ, 17 ਜੂਨ 2024: ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦੇਸ਼ ਭਰ ਦੀਆਂ ਸਿਆਸੀ ਪਾਰਟੀਆਂ ਅੰਦਰੂਨੀ ਬੈਠਕਾਂ ਕਰਕੇ ਭਵਿੱਖ ਦੀ ਰਣਨੀਤੀ ਤਿਆਰ ਕਰ ਰਹੀਆਂ ਹਨ। ਇਸ ਲੜੀ ‘ਚ ਸੋਮਵਾਰ ਨੂੰ ਕਾਂਗਰਸ ਦੇ ਚੋਟੀ ਦੇ ਆਗੂਆਂ ਨੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ‘ਤੇ ਬੈਠਕ ਕੀਤੀ ਅਤੇ ਰਾਹੁਲ ਗਾਂਧੀ ਦੀ ਸੰਸਦੀ ਸੀਟ ‘ਤੇ ਫੈਸਲਾ ਲਿਆ।
ਬੈਠਕ ਤੋਂ ਬਾਅਦ ਖੜਗੇ ਨੇ ਕਿਹਾ ਕਿ ਰਾਹੁਲ ਗਾਂਧੀ ਵਾਇਨਾਡ ਸੀਟ ਛੱਡ ਕੇ ਰਾਏਬਰੇਲੀ ਨੂੰ ਆਪਣੇ ਕੋਲ ਰੱਖਣਗੇ। ਇਸ ਤੋਂ ਬਾਅਦ ਪ੍ਰਿਅੰਕਾ ਗਾਂਧੀ ਵਾਡਰਾ ਵਾਇਨਾਡ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਉਮੀਦਵਾਰ ਹੋਵੇਗੀ। ਇਸ ਬੈਠਕ ‘ਚ ਸੋਨੀਆ ਗਾਂਧੀ ਦੇ ਨਾਲ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ (Priyanka Gandhi Vadra) ਅਤੇ ਕੇਸੀ ਵੇਣੂਗੋਪਾਲ ਵੀ ਸ਼ਾਮਲ ਹੋਏ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਖੜਗੇ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਬੈਠਕ ‘ਚ ਫੈਸਲਾ ਕੀਤਾ ਹੈ ਕਿ ਰਾਹੁਲ ਗਾਂਧੀ ਰਾਏਬਰੇਲੀ ਸੀਟ ਆਪਣੇ ਲਈ ਰੱਖਣਗੇ, ਕਿਉਂਕਿ ਰਾਏਬਰੇਲੀ ਪਹਿਲਾਂ ਹੀ ਉਨ੍ਹਾਂ ਦੇ ਕਾਫ਼ੀ ਕਰੀਬ ਰਹੀ ਹੈ। ਉਸ ਪਰਿਵਾਰ ਨਾਲ ਸਬੰਧ ਹਨ ਅਤੇ ਪੀੜ੍ਹੀਆਂ ਤੋਂ ਉਥੋਂ ਲੜਦੇ ਆ ਰਹੇ ਹਨ। ਇਸ ਲਈ ਪ੍ਰਿਅੰਕਾ ਗਾਂਧੀ ਵਾਡਰਾ ਵਾਇਨਾਡ ਸੀਟ ਤੋਂ ਚੋਣ ਲੜੇਗੀ।