ਚੰਡੀਗੜ੍ਹ, 28 ਅਕਤੂਬਰ 2024: ਸਪੇਨ ਦੇ ਰਾਸ਼ਟਰਪਤੀ ਪੇਡਰੋ ਸਾਂਚੇਜ਼ ਤਿੰਨ ਦਿਨਾਂ ਭਾਰਤ ਦੌਰੇ ‘ਤੇ ਹਨ | ਇਸ ਦੌਰਾਨ ਭਾਰਤ ਅਤੇ ਸਪੇਨ ‘ਚ ਅਹਿਮ ਮੁੱਦਿਆਂ ਅਤੇ ਸਮਝੌਤਿਆਂ ‘ਤੇ ਚਰਚਾ ਹੋ ਸਕਦੀ ਹੈ | ਅੱਜ ਸਪੇਨ ਦੇ ਰਾਸ਼ਟਰਪਤੀ ਸਵੇਰੇ ਗੁਜਰਾਤ ਦੇ ਵਡੋਦਰਾ (Vadodara) ਪਹੁੰਚੇ। ਇਸ ਦੌਰਾਨ ਵਡੋਦਰਾ ‘ਚ ਪੇਡਰੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਫ਼ਦ ਪੱਧਰ ਦੀ ਗੱਲਬਾਤ ਕਰਨਗੇ।
ਸਪੇਨ ਦੇ ਰਾਸ਼ਟਰਪਤੀ ਨੂੰ ਉਨ੍ਹਾਂ ਦੀ ਭਾਰਤ ਫੇਰੀ ‘ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਵਧਾਈ ਦਿੱਤੀ ਹੈ | ਵਿਦੇਸ਼ ਮੰਤਰਾਲੇ ਨੇ ਐਕਸ ‘ਤੇ ਇੱਕ ਪੋਸਟ ਸਾਂਝੀ ਕਰਕੇ ਲਿਖਿਆ, ‘ਭਾਰਤ ਵਿੱਚ ਤੁਹਾਡਾ ਸਵਾਗਤ ਹੈ’।
ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਪੇਨ ਦੇ ਰਾਸ਼ਟਰਪਤੀ ਪੇਡਰੋ ਸਾਂਚੇਜ਼ ਨੇ ਵਡੋਦਰਾ ‘ਚ ਸੀ-295 ਜਹਾਜ਼ਾਂ ਦੇ ਨਿਰਮਾਣ ਲਈ ‘ਟਾਟਾ ਐਡਵਾਂਸਡ ਸਿਸਟਮਜ਼ ਲਿਮਿਟੇਡ’ ਦਾ ਉਦਘਾਟਨ ਕੀਤਾ ਹੈ । ਇਸ ਮੌਕੇ ‘ਤੇ ਪੀਐਮ ਮੋਦੀ ਨੇ ਕਿਹਾ ਕਿ ਟਾਟਾ-ਏਅਰਬੱਸ ਨਿਰਮਾਣ ਫੈਕਟਰੀ ਭਾਰਤ-ਸਪੇਨ ਸਬੰਧਾਂ ਨੂੰ ਮਜ਼ਬੂਤ ਕਰੇਗੀ।
ਉਨ੍ਹਾਂ ਕਿਹਾ ਕਿ ਇਹ ਈਕੋਸਿਸਟਮ ਦੇਸ਼ ‘ਚ ਪਹਿਲਾ ਨਾਗਰਿਕ ਜਹਾਜ਼ ਬਣਾਉਣ ‘ਚ ਮੱਦਦ ਕਰੇਗਾ। ਵਡੋਦਰਾ (Vadodara) ‘ਚ ਹਵਾਈ ਜਹਾਜ਼ ਨਿਰਮਾਣ ਪ੍ਰੋਜੈਕਟ ਸਾਡੇ ‘ਮੇਕ ਇਨ ਇੰਡੀਆ, ਮੇਕ ਫਾਰ ਵਰਲਡ’ ਮਿਸ਼ਨ ਨੂੰ ਵੀ ਮਜ਼ਬੂਤ ਕਰੇਗਾ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ, “ਸੀ-295 ਏਅਰਕ੍ਰਾਫਟ ਫੈਕਟਰੀ ਨਵੇਂ ਭਾਰਤ ਦੇ ਨਵੇਂ ਕਾਰਜ ਸੱਭਿਆਚਾਰ ਨੂੰ ਦਰਸਾਉਂਦੀ ਹੈ। ਅੱਜ ਭਾਰਤ ਜਿਸ ਰਫ਼ਤਾਰ ਨਾਲ ਕਿਸੇ ਵੀ ਯੋਜਨਾ ਦੇ ਵਿਚਾਰ ਤੋਂ ਲੈ ਕੇ ਸਿੱਖਿਆ ਤੱਕ ਕੰਮ ਕਰ ਰਿਹਾ ਹੈ, ਉਹ ਇੱਥੇ ਦਿਖਾਈ ਦੇ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ 2 ਸਾਲ ਪਹਿਲਾਂ ਅਕਤੂਬਰ ਦੇ ਮਹੀਨੇ ‘ਚ ਹੀ ਇਸ ਫੈਕਟਰੀ ਦਾ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਸੀ, ਪਰ ਅੱਜ ਅਕਤੂਬਰ ਦੇ ਮਹੀਨੇ ‘ਚ ਇਹ ਫੈਕਟਰੀ ਹੁਣ ਹਵਾਈ ਜਹਾਜ਼ਾਂ ਦੇ ਉਤਪਾਦਨ ਲਈ ਤਿਆਰ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਡੋਦਰਾ ‘ਚ ਟਾਟਾ ਏਅਰਕ੍ਰਾਫਟ ਕੰਪਲੈਕਸ ਦੇ ਉਦਘਾਟਨ ਕਰਦਿਆਂ ਦੇਸ਼ ਦੇ ਮਸ਼ਹੂਰ ਕਾਰੋਬਾਰੀ ਰਤਨ ਟਾਟਾ ਨੂੰ ਵੀ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਅੱਜ ਰਤਨ ਟਾਟਾ ਜ਼ਿੰਦਾ ਹੁੰਦੇ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੁੰਦੀ। ਉਨ੍ਹਾਂ ਨੇ ਕਿਹਾ, “ਅਸੀਂ ਹਾਲ ਹੀ ‘ਚ ਦੇਸ਼ ਦੇ ਮਹਾਨ ਪੁੱਤਰ ਰਤਨ ਟਾਟਾ ਨੂੰ ਗੁਆ ਦਿੱਤਾ ਹੈ। ਜੇਕਰ ਰਤਨ ਟਾਟਾ ਅੱਜ ਸਾਡੇ ਵਿਚਕਾਰ ਹੁੰਦੇ ਤਾਂ ਉਹ ਬਹੁਤ ਖੁਸ਼ ਹੁੰਦੇ, ਪਰ ਉਨ੍ਹਾਂ ਦੀ ਆਤਮਾ ਜਿੱਥੇ ਵੀ ਹੈ, ਉਹ ਬਹੁਤ ਖੁਸ਼ ਹੋਣਗੇ।”
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ “ਮੈਂ ਸੁਣਿਆ ਹੈ ਕਿ ਸਪੇਨ ‘ਚ ਵੀ ਯੋਗਾ ਬਹੁਤ ਮਸ਼ਹੂਰ ਹੈ। ਭਾਰਤ ‘ਚ ਸਪੈਨਿਸ਼ ਫੁਟਬਾਲ ਨੂੰ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। ਕੱਲ੍ਹ ਰੀਅਲ ਮੈਡ੍ਰਿਡ ਅਤੇ ਬਾਰਸੀਲੋਨਾ ਵਿਚਾਲੇ ਹੋਏ ਮੈਚ ਦੀ ਭਾਰਤ ‘ਚ ਵੀ ਚਰਚਾ ਹੋਈ। ਬਾਰਸੀਲੋਨਾ ਦੀ ਸ਼ਾਨਦਾਰ ਜਿੱਤ ਦੀ ਵੀ ਚਰਚਾ ਹੋਈ। ਭਾਰਤ ‘ਚ ਅਤੇ ਮੈਂ ਇਸ ਗੱਲ ਦੀ ਗਾਰੰਟੀ ਦੇ ਸਕਦਾ ਹਾਂ ਕਿ ਸਪੇਨ ਦੀ ਤਰ੍ਹਾਂ ਭਾਰਤ ‘ਚ ਵੀ ਦੋਵਾਂ ਕਲੱਬਾਂ ਦੇ ਪ੍ਰਸ਼ੰਸਕਾਂ ਵਿਚਾਲੇ ਸ਼ਬਦੀ ਜੰਗ ਹੋਈ ਸੀ।
ਜਿਕਰਯੋਗ ਹੈ ਕਿ ਸਪੇਨ ਦੇ ਰਾਸ਼ਟਰਪਤੀ ਦੇ ਵਡੋਦਰਾ (Vadodara) ਦੌਰੇ ਨੂੰ ਲੈ ਕੇ ਸ਼ਹਿਰ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਹੈ। ਰਾਸ਼ਟਰਪਤੀ ਸਾਂਚੇਜ਼ ਦੀ ਇਹ ਪਹਿਲੀ ਭਾਰਤ ਯਾਤਰਾ ਹੈ, ਜੋ 18 ਸਾਲਾਂ ਬਾਅਦ ਹੋ ਰਹੀ ਹੈ। ਇਸਦੇ ਨਾਲ ਹੀ ਰਾਸ਼ਟਰਪਤੀ ਸਾਂਚੇਜ਼ ਮੁੰਬਈ ਦਾ ਵੀ ਦੌਰਾ ਕਰਨਗੇ, ਜਿੱਥੇ ਅਧਿਕਾਰਤ ਰੁਝੇਵਿਆਂ ਤੋਂ ਇਲਾਵਾ, ਉਹ ਵਪਾਰ ਅਤੇ ਉਦਯੋਗ ਦੇ ਆਗੂਆਂ, ਥਿੰਕ ਟੈਂਕਾਂ ਅਤੇ ਫਿਲਮ ਉਦਯੋਗ ਦੇ ਲੋਕਾਂ ਨਾਲ ਗੱਲਬਾਤ ਕਰਨਗੇ।
ਉਹ ਸਪੇਨ-ਇੰਡੀਆ ਕੌਂਸਲ ਫਾਊਂਡੇਸ਼ਨ ਅਤੇ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਵੱਲੋਂ ਕਰਵਾਉਏ ਜਾ ਰਹੇ ਚੌਥੇ ਸਪੇਨ ਇੰਡੀਆ ਫੋਰਮ ਨੂੰ ਸੰਬੋਧਨ ਕਰਨਗੇ। ਸਪੇਨ ਦੇ ਰਾਸ਼ਟਰਪਤੀ ਵੱਡੇ ਫਿਲਮ ਸਟੂਡੀਓਜ਼ ਦਾ ਵੀ ਦੌਰਾ ਕਰਨਗੇ, ਜਿੱਥੇ ਉਹ ਭਾਰਤੀ ਅਤੇ ਸਪੈਨਿਸ਼ ਮੀਡੀਆ ਅਤੇ ਮਨੋਰੰਜਨ ਉਦਯੋਗਾਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਫਿਲਮ ਉਦਯੋਗ ਦੀਆਂ ਪ੍ਰਮੁੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਨਗੇ।