ਚੰਡੀਗੜ੍ਹ 03 ਜਨਵਰੀ 2022: ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਸਨੀਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁੱਹਈਆ ਕਰਵਾਉਣ ਦੇ ਮੰਤਵ ਨਾਲ਼ ਅੱਜ ਸਿਵਲ ਹਸਪਤਾਲ ਸਮਾਣਾ ਵਿੱਚ ਬ੍ਰੈਸਟ ਕੈਂਸਰ ਏ.ਆਈ.ਡਿਜੀਟਲ ਪ੍ਰੋਜੈਕਟ ਤਹਿਤ ਛਾਤੀ ਦੇ ਕੈਂਸਰ ਦੀ ਮੁੱਢਲੀ ਜਾਂਚ ਇੱਕ ਨਵੀਂ ਤਕਨੀਕ ਨਾਲ਼ ਕਰਨ ਸਬਧੀ ਸਥਾਪਿਤ ਕੀਤੇ ਥਰਮਲ ਸਕਰੀਨਿੰਗ ਡੀਵਾਈਸ ਦਾ ਉਦਘਾਟਨ ਸਿਹਤ ਮੰਤਰੀ ਪੰਜਾਬ ਸ. ਚੇਤਨ ਸਿੰਘ ਜੋੜਾਮਾਜਰਾ ਵੱਲੋਂ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ।
ਇਸ ਮੌਕੇ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੋੜਾਮਾਜਰਾ ਕਿਹਾ ਕਿ ਪੰਜਾਬ ਵਿੱਚ ਬ੍ਰੈਸਟ ਕੈਂਸਰ ਇੱਕ ਗੰਭੀਰ ਬਿਮਾਰੀ ਹੈ, ਜਿਸਦੇ ਕੇਸ ਹਰ ਸਾਲ 5 ਪ੍ਰਤੀਸ਼ਤ ਦੀ ਦਰ ਨਾਲ਼ ਵਧ ਰਹੇ ਹਨ। ਸਾਲ 2021 ਦੇ ਅੰਕੜੇ ਅਨੁਸਾਰ ਪੰਜਾਬ ਵਿੱਚ 4446 ਮਰੀਜ਼ ਇਸ ਬਿਮਾਰੀ ਨਾਲ਼ ਪੀੜਤ ਹਨ।ਇਨ੍ਹਾਂ ਵਿੱਚੋਂ ਜ਼ਿਆਦਾਤਰ ਮਰੀਜ਼ਾਂ ਦੀ ਪਹਿਚਾਣ ਤੀਸਰੀ ਜਾਂ ਚੌਥੀ ਸਟੇਜ ਤੇ ਹੁੰਦੀ ਹੈ।ਜਿਸਦਾ ਕਿ ਵੱਡਾ ਕਾਰਣ ਲੋਕਾਂ ਵਿੱਚ ਇਸ ਬਿਮਾਰੀ ਦੇ ਲੱਛਣਾਂ ਦੀ ਪਛਾਣ ਸੰਬਧੀ ਜਾਗਰੂਕਤਾ ਦੀ ਘਾਟ ਅਤੇ ਬ੍ਰੈਸਟ ਕੈਂਸਰ ਦੀ ਸਕ੍ਰੀਨਿੰਗ ਜਲਦ ਨਾ ਹੋਣਾ ਹੈ।
ਉਹਨਾਂ ਕਿਹਾ ਕਿ ਜੇਕਰ ਛਾਤੀ ਦੇ ਕੈਂਸਰ ਦੀ ਪਛਾਣ ਸਮੇਂ ਸਿਰ ਹੋ ਜਾਂਦੀ ਹੈ ਤਾਂ ਜਿਥੇ ਇਸ ਦਾ ਇਲਾਜ ਸੁਖਾਲਾ ਹੋ ਜਾਂਦਾ ਹੈ ਉਥੇ ਇਸ ਬਿਮਾਰੀ ਦੀ ਗੰਭੀਰਤਾ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਦਾ ਪੂਰੀ ਤਰ੍ਹਾਂ ਇਲਾਜ ਕੀਤਾ ਜਾ ਸਕਦਾ ਹੈ । ਉਹਨਾਂ ਕਿਹਾ ਕਿ ਇਸ ਮੰਤਵ ਨਾਲ਼ ਸਿਹਤ ਵਿਭਾਗ ਵੱਲੋਂ ਨਿਰਮਯ ਅਤੇ ਰੌਸ਼ੇ ਇੰਡੀਆ ਦੇ ਸਹਿਯੋਗ ਨਾਲ਼ ਪੰਜਾਬ ਵਿੱਚ ਤੀਹ ਸਾਲ ਤੋਂ ਵੱਧ ਉਮਰ ਦੀ ਹਰੇਕ ਔਰਤ ਦਾ ਇਸ ਬਿਮਾਰੀ ਸੰਬਧੀ ਨਵੀਂ ਡਿਜੀਟਲ ਤਕਨੀਕ ਰਾਹੀਂ ਮੁਫ਼ਤ ਟੈਸਟ ਕਰਨ ਲਈ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।
ਜਿਸ ਤਹਿਤ ਅੱਜ ਸਮਾਣਾ ਦੇ ਸਿਵਲ ਹਸਪਤਾਲ ਵਿੱਚ ਇਸ ਟੈਸਟ ਦੀ ਸ਼ੁਰੂਆਤ ਕੀਤੀ ਗਈ ਹੈ।ਇਹ ਟੈਸਟ ਛਾਤੀ ਦੇ ਕੈਂਸਰ ਦੀ ਜਾਂਚ ਲਈ ਵਰਤੇ ਜਾਣ ਵਾਲੇ ਇੱਕ ਹੋਰ ਟੈਸਟ ਮੈਮੋਗ੍ਰਾਫ਼ੀ ਦੇ ਬਰਾਬਰ ਹੈ ਜਿਸਦੀ ਲਾਗਤ ਲਗਭਗ 2000 ਰੁਪਏ ਹੈ,ਪਰਤੂੰ ਸਰਕਾਰ ਵੱਲੋਂ ਇਹ ਟੈਸਟ ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਇਸ ਤਰਾਂ ਬ੍ਰੈਸਟ ਕੈਂਸਰ ਦੀ ਮੁਢਲੀ ਜਾਂਚ ਕਰਨ ਮੁਫ਼ਤ ਜਾਂਚ ਪ੍ਰਦਾਨ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ। ਉਹਨਾ ਕਿਹਾ ਕਿ ਇਸ ਤਰਾਂ ਦੀ ਤਕਨੀਕ ਨੂੰ ਇੱਕ ਮੋਬਾਇਲ ਵੈਨ ਰਾਹੀ ਪਿੰਡ ਪਿੰਡ ਤੱਕ ਪਹੁਚਾਉਣ ਦੀ ਕੋਸ਼ਿਸ ਕੀਤੀ ਜਾਵੇਗੀ ।
ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ, ਨਿਰਮਯ ਅਤੇੇ ਰੌਸ਼ੇ ਇੰਡੀਆ ਨੂੰ ਵਧਾਈ ਦਿੱਤੀ ਜੋ ਕਿ ਸੂਬਾ ਸਰਕਾਰ ਦੇ ਮੰਤਵ ਅਨੁਸਾਰ ਗਰੀਬ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਉਹਨਾ ਕਿਹਾ ਕਿ ਸਿਵਲ ਹਸਪਤਾਲ ਸਮਾਣਾ ਵਿਖੇ ਦੋ ਹੋਰ ਡਾਇਲਸਿਸ ਮਸ਼ੀਨਾ ਸਥਾਪਤ ਹੋ ਗਈਆਂ ਹਨ ਜੋ ਕਿ ਜਲਦ ਹੀ ਕੰਮ ਕਰਨਾ ਸ਼ੁਰੂ ਕਰ ਦੇਣਗੇ ।ਇਸ ਤੋਂ ਇਲਾਵਾ ਇਥੇ ਮਰੀਜਾਂ ਲਈ ਅਲਟਰਾਸਾਂਉਂਡ ਦੀ ਸਹੁਲਤ ਵੀ ਜਲਦ ਸ਼ੁਰੂ ਕਰਵਾਈ ਜਾਵੇਗੀ।ਉਹਨਾਂ ਕਿ ਕਿਹਾ ਕਿ ਪੰਜਾਬ ਦੇ ਵੱਖ ਵੱਖ ਹਸਪਤਾਲਾ ਵਿੱਚ ਸਟਾਫ ਦੀ ਕਮੀ ਨੂੰ ਜਲਦ ਹੀ ਪੁਰਾ ਕੀਤਾ ਜਾਵੇਗਾ।
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ. ਰਣਜੀਤ ਸਿੰਘ ਘੌਤਰਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਹੋਣ ਅਤੇ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਇਸ ਮੁਫ਼ਤ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਤਾਂ ਜੋ ਛਾਤੀ ਦੇ ਕੈਂਸਰ ਵਰਗੀ ਘਾਤਕ ਬਿਮਾਰੀ ਨੂੰ ਸਮਾਂ ਰਹਿੰਦੇ ਪਹਿਚਾਣਿਆ ਜਾ ਸਕੇ ਅਤੇ ਸ਼ਨਾਖਤ ਕੀਤੇ ਗਏ ਮਰੀਜ਼ ਦਾ ਯੋਗ ਇਲਾਜ ਕਰਵਾਇਆ ਜਾ ਸਕੇ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਤਹਿਤ ਹਰੇਕ ਕੈਂਸਰ ਪੀੜਤ ਮਰੀਜ ਦਾ 1.5 ਲੱਖ ਰੁਪਏ ਤੱਕ ਦਾ ਇਲਾਜ ਸਰਕਾਰੀ ਤੇਂ ਮਾਨਤਾ ਪ੍ਰਾਪਤ ਹਸਪਤਾਲਾ ਵਿੱਚ ਮੁਫਤ ਕਰਵਾਇਆ ਜਾ ਰਿਹਾ ਹੈ ।
ਇਸ ਮੌਕੇ ਸਹਾਇਕ ਡਾਇਰੈਕਟਰ ਕਮ ਨੋਡਲ ਅਫਸਰ ਡਾ. ਸੰਦੀਪ ਸਿੰਘ ਵੱਲੋਂ ਪ੍ਰੋਗਰਾਮ ਬਾਰੇ ਵਿਸਥਾਰ ਵਿੱਚ ਵਿੱਚ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸ ਪ੍ਰੌਜੈਕਟ ਤਹਿਤ ਲੜੀ ਵਾਰ ਪੰਜਾਬ ਦੇ ਸਾਰੇ ਜਿਲ੍ਹਿਆ ਨੂੰ ਕਵਰ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਡਾ. ਦਲਬੀਰ ਕੌਰ ਵੱਲੋਂ ਮੁੱਖ ਮਹਿਮਾਨ ਅਤੇ ਆਏ ਸਾਰੇ ਅਧਿਕਾਰੀਆਂ ਨੂੰ ਜੀ ਆਇਆ ਕਿਹਾ ਤੇਂ ਦੱਸਿਆ ਕਿ ਇਸ ਪ੍ਰੌਜੈਕਟ ਤਹਿਤ ਜ਼ਿਲ੍ਹੇ ਦੀਆਂ ਪੈਰਾ ਮੈਡੀਕਲ ਸਟਾਪ ਨੂੰ ਟਰੇਨਿੰਗ ਦੇ ਕੇ ਅਤੇ ਸਰਵੇ ਕਰਵਾ ਕੇ ਛਾਤੀ ਦੇ ਕੈਂਸਰ ਦੇ ਲੱਛਣਾ ਵਾਲੀਆ ਸ਼ੱਕੀ ਔਰਤਾ ਦੀ ਸੂਚੀ ਤਿਆਰ ਕੀਤੀ ਗਈ ਹੈ,|
ਇਨ੍ਹਾਂ ਦੀ ਵੱਖ ਵੱਕ ਬਲਾਕਾ ਵਿੱਚ ਜਾ ਕੇ ਟੀਮ ਵੱਲੋਂ ਇਸ ਡੀਵਾੲਸਿ ਰਾਹੀ ਮੁੱਢਲੀ ਜਾਂਚ ਕੀਤੀ ਜਾਵੇਗੀ। ਸੀਨਅਿਰ ਮੈਡੀਕਲ ਅਫਸਰ ਡਾ. ਰਿਸ਼ਮਾ ਭੋਰਾ ਵੱਲੋਂ ਆਏ ਹੋਏ ਸਾਰੇ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੋਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ.ਸਿੰਘ,ਨਿਰਮਾਏ ਸ਼ੰਸਥਾ ਦੇ ਸੀ.ਓ.ਵਿੱਕੀ ਨੰਦਾ ,ਪ੍ਰੋਗਰਾਮ ਮੇਨੇਜਰ ਤਰਨਜੀਤ ਕੌਰ ,ਜ਼ਿਲ੍ਹਾ ਮਾਸ ਮੀਡੀਆ ਅਫਰ ਕ੍ਰਿਸ਼ਨ ਕੁਮਾਰ, ਸਮੁਹ ਸਟਾਫ ਅਤੇ ਜਾਂਚ ਕਰਵਾਉਣ ਆਈਆਂ ਅੋਰਤਾਂ ਵੀ ਸ਼ਾਮਲ ਸਨ।