ਗੁਰਦਾਸਪੁਰ, 20 ਜੁਲਾਈ 2023: ਕਰਤਾਰਪੁਰ ਲਾਂਘੇ ‘ਤੇ ਰਾਵੀ ਦਰਿਆ ਦੇ ਪਾਣੀ ਆਉਣ ਦੇ ਚੱਲਦੇ ਸੰਗਤ ਦੀ ਸੁਰੱਖਿਆ ਦੇ ਮੱਦੇਨਜ਼ਰ ਪਾਕਿਸਤਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਦੇ ਦਰਸ਼ਨਾਂ ਲਈ ਜਾਣ ਵਾਲੀ ਯਾਤਰਾ ਨੂੰ ਅੱਜ ਸਮੇਤ ਤਿੰਨ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ | ਇਸ ਸੰਬੰਧ ‘ਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਦੇ ਚੱਲਦੇ ਅੱਜ ਸਵੇਰੇ ਕੋਰੀਡੋਰ ਦੇ ਨਜ਼ਦੀਕ ਧੁੱਸੀ ਬੰਨ੍ਹ ਕੋਲ ਪਾਕਿਸਤਾਨ ਵਾਲੇ ਪਾਸੇ ਤੋਂ ਰਾਵੀ ਦਰਿਆ ਦਾ ਪਾਣੀ ਆਇਆ ਹੈ, ਉਹਨਾਂ ਦਾ ਕਹਿਣਾ ਸੀ ਕਿ ਇਸ ਪਾਣੀ ਨਾਲ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ, ਧੁੱਸੀ ਬੰਨ੍ਹ ਅਤੇ ਦਰਸ਼ਨ ਸਥਾਨ ਅਤੇ ਸਮੇਤ ਭਾਰਤ ਵਾਲੇ ਪਾਸੇ ਨਜਦੀਕੀ ਪਿੰਡਾਂ ਨੂੰ ਕੋਈ ਖ਼ਤਰਾ ਨਹੀਂ ਹੈ |
ਉਨ੍ਹਾਂ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਮੌਜੂਦ ਹਨ ਅਤੇ ਸਥਿਤੀ ਉੱਪਰ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਡੀਸੀ ਗੁਰਦਾਸਪੁਰ ਨੇ ਦੱਸਿਆ ਕਿ ਅੱਜ ਕੁੱਲ 94 ਯਾਤਰੀ ਪਾਕਿਸਤਾਨ ਜੋ ਦਰਸ਼ਨ ਲਈ ਜਾਣੇ ਸਨ, ਉਹਨਾਂ ਵਿੱਚੋ 25 ਯਾਤਰੀ (Sri Kartarpur Sahib) ਆਏ ਸਨ ਅਤੇ ਉਹਨਾਂ ਨੂੰ ਵੀ ਦਰਸ਼ਨ ਦੂਰ ਤੋਂ ਕਰਵਾਏ ਗਏ ਹਨ ਜਦਕਿ ਅੱਜ ਸਮੇਤ ਤਿੰਨ ਦਿਨਾਂ ਲਈ ਇਨ ਯਾਤਰਾ ਰੋਕਣ ਲਈ ਸਿਫਾਰਿਸ਼ ਭੇਜੀ ਗਈ ਹੈ ਅਤੇ ਜਿਵੇ ਹੀ ਪਾਣੀ ਦਾ ਪੱਧਰ ਘੱਟ ਹੋਵੇਗਾ ਯਾਤਰਾ ਮੁੜ ਤੋਂ ਸ਼ੁਰੂ ਕੀਤੀ ਜਾਵੇਗੀ |
ਡੀਸੀ ਗੁਰਦਾਸਪੁਰ ਦਾ ਕਹਿਣਾ ਸੀ ਕਿ ਇਸ ਪਾਣੀ ਨਾਲ ਕਰਤਾਰਪੁਰ ਕੋਰੀਡੋਰ ਜਾਂ ਫਿਰ ਭਾਰਤ ਵਾਲੇ ਪਾਸੇ ਨੇੜਲੇ ਪਿੰਡਾਂ ਨੂੰ ਕੋਈ ਖ਼ਤਰਾ ਨਹੀਂ ਹੈ, ਜਦਕਿ ਸਥਾਨਕ ਪਿੰਡਾਂ ਦੇ ਲੋਕਾਂ ਨੇ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦੇ ਹੋਏ ਦੱਸਿਆ ਕਿ ਜੇਕਰ ਪਾਣੀ ਦਾ ਪੱਧਰ ਵੱਧ ਹੁੰਦਾ ਹੈ ਤਾਂ ਹਲਾਤ ਬੇਕਾਬੂ ਹੋ ਸਕਦੇ ਹਨ ਅਤੇ ਪਾਕਿਸਤਾਨ ਤੋਂ ਆਉਣ ਵਾਲੇ ਇਸ ਪਾਣੀ ਨਾਲ ਨੇੜਲੇ ਕਈ ਪਿੰਡ ਪਾਣੀ ਦੀ ਮਾਰ ਹੇਠ ਆ ਸਕਦੇ ਹਨ ਅਤੇ ਉਹਨਾਂ ਦੱਸਿਆ ਕਿ ਇਹ ਪਾਣੀ ਉਹਨਾਂ ਲਈ ਵੱਡਾ ਖ਼ਤਰਾ ਹੋ ਸਕਦਾ ਹੈ |