ਚੰਡੀਗੜ੍ਹ, 12 ਅਗਸਤ 2024: ਹਰਿਆਣਾ ‘ਚ ਅਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਭਾਰਤੀ ਚੋਣ ਕਮਿਸ਼ਨ (Election Commission of India) ਦੀ ਟੀਮ ਅੱਜ ਹਰਿਆਣਾ ਦੌਰੇ ‘ਤੇ ਆਈ ਹੈ। ਮੁੱਖ ਚੋਣ ਅਧਿਕਾਰੀ ਰਾਜੀਵ ਕੁਮਾਰ, ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਚੋਣ ਕਮਿਸ਼ਨਰ ਡਾ.ਐਸ.ਐਸ.ਸੰਧੂ 2 ਦਿਨ ਚੰਡੀਗੜ੍ਹ ਰਹਿਣਗੇ।
ਮੁੱਖ ਚੋਣ ਕਮਿਸ਼ਨਰ (Election Commission of India) ਨੇ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਬੈਠਕ ਵੀ ਕੀਤੀ ਹੈ।ਬੈਠਕ ‘ਚ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ 85 ਸਾਲ ਦੇ ਬਜ਼ੁਰਗਾਂ ਲਈ ਘਰ ਜਾ ਕੇ ਵੋਟ ਪਾਉਣ ਦੀ ਉਮਰ ਸੀਮਾ ਘਟਾ ਕੇ 80 ਸਾਲ ਕੀਤੀ ਜਾਵੇ ਅਤੇ ਬਜ਼ੁਰਗਾਂ ਅਤੇ ਅਪਾਹਜਾਂ ਲਈ ਉਨ੍ਹਾਂ ਦੇ ਘਰਾਂ ਨੇੜੇ ਪੋਲਿੰਗ ਬੂਥ ਬਣਾਏ ਜਾਣ।
ਇਸ ਤੋਂ ਇਲਾਵਾ ਈ.ਵੀ.ਐਮ ਮਸ਼ੀਨ ‘ਤੇ ਜ਼ਿਆਦਾ ਬਟਨ ਲੱਗਣ ਕਾਰਨ ਪੇਂਡੂ ਵਰਗ ਦੇ ਅਜਿਹੇ ਲੋਕਾਂ ਨੂੰ ਸਿਖਲਾਈ ਦਿੱਤੀ ਜਾਵੇ ਜੋ ਪੜ੍ਹੇ-ਲਿਖੇ ਨਹੀਂ ਹਨ। ਇਸ ਦੇ ਨਾਲ ਹੀ ਸਾਰੇ ਵੋਟਰਾਂ ਨੂੰ ਵੋਟਿੰਗ ਦੇ ਦਿਨ ਤੋਂ ਪਹਿਲਾਂ ਵੋਟਰ ਸੂਚੀ ਉਪਲਬੱਧ ਕਰਵਾਈ ਜਾਵੇ। ਮੁੱਖ ਚੋਣ ਕਮਿਸ਼ਨਰ ਨੇ ਆਗੂਆਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ ਹੈ |