July 6, 2024 6:49 pm
ਪਿੰਡ ਘਰਾਗਣਾ

ਪਿੰਡ ਘਰਾਗਣਾ ‘ਚ ਰਜਬਾਹਾ ਟੁੱਟਣ ਨਾਲ ਪੱਕੀ ਫ਼ਸਲਾਂ ‘ਚ ਭਰਿਆ ਪਾਣੀ, ਨਹੀਂ ਪਹੁੰਚਿਆ ਕੋਈ ਅਧਿਕਾਰੀ

ਮਾਨਸਾ, 16 ਅਕਤੂਬਰ, 2023: ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਗਣਾ ਵਿਖੇ ਰਜਬਾਹਾ ਟੁੱਟਣ ਕਾਰਨ ਸੈਂਕੜੇ ਏਕੜ ਝੋਨੇ ਦੀ ਫਸਲ ਦੇ ਵਿੱਚ ਪਾਣੀ ਭਰ ਗਿਆ ਹੈ। ਪਿੰਡ ਵਾਸੀਆਂ ਨੇ ਵਿਭਾਗ ਤੋਂ ਤੁਰੰਤ ਰਜਬਾਹੇ ਵਿੱਚੋਂ ਪਾਣੀ ਬੰਦ ਕਰਨ ਦੀ ਮੰਗ ਕੀਤੀ ਹੈ।

ਪਿੰਡ ਘਰਾਗਣਾ ਵਿਖੇ ਰਜਵਾਹੇ ਦੇ ਵਿੱਚ ਦੁਪਹਿਰ ਸਮੇਂ 40 ਫੁੱਟ ਪਾੜ ਪੈਣ ਦੇ ਕਾਰਨ ਸੈਂਕੜੇ ਏਕੜ ਝੋਨੇ ਦੀ ਖੜੀ ਫਸਲ ਦੇ ਵਿੱਚ ਪਾਣੀ ਭਰ ਗਿਆ ਹੈ ਅਜੇ ਤੱਕ ਪਾੜ ਨੂੰ ਬੰਦ ਕਰਨ ਦਾ ਵਿਭਾਗ ਵੱਲੋਂ ਕੋਈ ਵੀ ਕੰਮ ਸ਼ੁਰੂ ਨਹੀਂ ਕੀਤਾ ਗਿਆ ਜਿਸ ਕਾਰਨ ਪਿੰਡ ਵਾਸੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਸੂਚਿਤ ਵੀ ਕੀਤਾ ਗਿਆ ਹੈ ਅਤੇ ਵਿਭਾਗ ਦਾ ਕੋਈ ਵੀ ਅਧਿਕਾਰੀ ਜਾਇਜ਼ਾ ਲੈਣ ਨਹੀਂ ਆਇਆ |

ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਹਰ ਸਾਲ ਰਜਬਾਹੇ ਦੇ ਵਿੱਚ ਪਾੜ ਪੈਣ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਬਰਬਾਦ ਹੋ ਜਾਂਦੀ ਹੈ ਅਤੇ ਵਿਭਾਗ ਵੱਲੋਂ ਇਸ ਰਜਬਾਹੇ ਦੇ ਪਾੜ ਨੂੰ ਪੂਰਨ ਦਾ ਕੋਈ ਯਤਨ ਨਹੀਂ ਕੀਤਾ ਜਾਂਦਾ | ਉਹਨਾਂ ਕਿਹਾ ਕਿ ਅੱਜ ਰਜਬਾਹੇ ਵਿੱਚ ਪਾੜ ਪੈਣ ਕਾਰਨ ਸੈਂਕੜੇ ਏਕੜ ਪੱਕੀ ਝੋਨੇ ਦੀ ਫਸਲ ਦੇ ਵਿੱਚ ਪਾਣੀ ਭਰ ਗਿਆ ਹੈ |

ਉਹਨਾਂ ਕਿਹਾ ਕਿ ਜੇਕਰ ਜਲਦ ਹੀ ਰਜਬਾਹੇ ਦੇ ਪਾੜ ਨੂੰ ਨਾ ਬੰਦ ਕੀਤਾ ਗਿਆ ਤਾਂ ਸਵੇਰ ਤੱਕ ਪਾਣੀ ਪਿੰਡ ਦੇ ਵਿੱਚ ਦਾਖਲ ਹੋ ਜਾਵੇਗਾ। ਇਸ ਮੌਕੇ ਕਿਸਾਨ ਜਥੇਬੰਦੀ ਦੇ ਆਗੂਆਂ ਅਤੇ ਪੀੜਿਤ ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਵੱਡੇ ਪੱਧਰ ‘ਤੇ ਖ਼ਰਾਬ ਹੋ ਰਹੀ ਹੈ ਅਤੇ ਲਗਾਤਾਰ ਪਾਣੀ ਦਾ ਵਹਾਅ ਵਧ ਰਿਹਾ ਹੈ ਜਿਸ ਕਾਰਨ ਪੱਕੀ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਚੁੱਕੀ ਹੈ | ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਰਜਬਾਹਿਆਂ ਦੀ ਸਫਾਈ ਕਰਵਾਈ ਜਾਵੇ ਅਤੇ ਕਿਸਾਨਾਂ ਦੀ ਖ਼ਰਾਬ ਹੋਈ ਫਸਲ ਦਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।