ਚੰਡੀਗੜ੍ਹ, 31ਜਨਵਰੀ 2024: ਪਾਕਿਸਤਾਨ ‘ਚ ਆਮ ਚੋਣਾਂ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਤੋਸ਼ਾਖਾਨਾ ਮਾਮਲੇ ‘ਚ ਪਾਕਿਸਤਾਨ ਦੀ ਇਕ ਅਦਾਲਤ ਨੇ ਇਮਰਾਨ ਨੂੰ 14 ਸਾਲ ਦੀ ਸਜ਼ਾ ਸੁਣਾਈ ਹੈ। ਇਮਰਾਨ ਦੇ ਨਾਲ-ਨਾਲ ਉਸ ਦੀ ਘਰਵਾਲੀ ਬੁਸ਼ਰਾ ਬੀਬੀ ਨੂੰ ਵੀ 14 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਗੁਪਤ ਸੂਚਨਾ ਲੀਕ ਕਰਨ ਦੇ ਮਾਮਲੇ ਵਿਚ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੋਵਾਂ ਨੂੰ ਅਧਿਕਾਰਤ ਸੀਕਰੇਟਸ ਐਕਟ ਦੇ ਤਹਿਤ ਗਠਿਤ ਵਿਸ਼ੇਸ਼ ਅਦਾਲਤ ਦੁਆਰਾ ਗੁਪਤ ਜਾਣਕਾਰੀ ਲੀਕ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਇਮਰਾਨ ਖਾਨ (71 ਸਾਲ) ਅਤੇ ਸ਼ਾਹ ਮਹਿਮੂਦ ਕੁਰੈਸ਼ੀ (67 ਸਾਲ) ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਬੰਦ ਹਨ। ਇਮਰਾਨ ਖਾਨ ਅਤੇ ਸ਼ਾਹ ਮਹਿਮੂਦ ਕੁਰੈਸ਼ੀ ਜੇਲ੍ਹ ਤੋਂ ਹੀ ਅਦਾਲਤ ਦੀ ਸੁਣਵਾਈ ਵਿਚ ਹਾਜ਼ਰ ਹੋਏ।
ਜਿਕਰਯੋਗ ਹੈ ਕਿ ਇਸਲਾਮਾਬਾਦ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ 05 ਅਗਸਤ 2023 ਨੂੰ ਇਮਰਾਨ ਖਾਨ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ ਅਤੇ ਨਾਲ ਹੀ ਇੱਕ ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਸੀ। ਇਸਦੇ ਨਾਲ ਹੀ ਇਮਰਾਨ ਖਾਨ 5 ਸਾਲ ਲਈ ਅਯੋਗ ਕਰਾਰ ਦਿੱਤਾ ਗਿਆ ਅਤੇ 5 ਸਾਲ ਤੱਕ ਚੋਣ ਨਹੀਂ ਲੜ ਸਕਣਗੇ | ਇਸਲਾਮਾਬਾਦ ਪੁਲਿਸ ਨੇ ਇਮਰਾਨ ਖਾਨ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ | ਇਮਰਾਨ ਨੂੰ ਸਰਕਾਰੀ ਖਜ਼ਾਨੇ (ਤੋਸ਼ਾਖਾਨਾ) ਤੋਂ ਕਰੋੜਾਂ ਰੁਪਏ ਦੇ ਤੋਹਫ਼ੇ ਬਹੁਤ ਸਸਤੇ ਭਾਅ ‘ਤੇ ਵੇਚਣ ਦਾ ਦੋਸ਼ੀ ਠਹਿਰਾਇਆ ਹੈ ।
ਕੀ ਹੈ ਤੋਸ਼ਾਖਾਨਾ ਮਾਮਲਾ?
ਇਮਰਾਨ ਖਾਨ ‘ਤੇ 2018 ਤੋਂ 2022 ਦਰਮਿਆਨ ਸਰਕਾਰੀ ਤੋਹਫ਼ੇ ਵੇਚ ਕੇ ਪੈਸਾ ਕਮਾਉਣ ਦਾ ਦੋਸ਼ ਸੀ। ਇਹ ਤੋਹਫੇ ਇਮਰਾਨ ਨੂੰ ਆਪਣੀ ਵਿਦੇਸ਼ ਯਾਤਰਾ ਦੌਰਾਨ ਮਿਲੇ ਸਨ। ਪਾਕਿਸਤਾਨ ਦੇ ਕਾਨੂੰਨ ਮੁਤਾਬਕ ਇਨ੍ਹਾਂ ਤੋਹਫ਼ਿਆਂ ਨੂੰ ਸਟੇਟ ਡਿਪਾਜ਼ਟਰੀ (ਤੋਸ਼ਾਖਾਨਾ) ਵਿੱਚ ਰੱਖਣਾ ਪੈਂਦਾ ਹੈ। ਹਾਲਾਂਕਿ, ਜੇਕਰ ਕੋਈ ਪੀਐਮ ਉਨ੍ਹਾਂ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਹੈ, ਤਾਂ ਉਸਨੂੰ ਨਿਲਾਮੀ ਦੇ ਤਹਿਤ ਕੀਮਤ ਅਦਾ ਕਰਨੀ ਪਵੇਗੀ।
ਇਮਰਾਨ ਖਾਨ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਤੋਸ਼ਾਖਾਨਾ ਤੋਂ ਇਹ ਤੋਹਫ਼ੇ 2.15 ਕਰੋੜ ਰੁਪਏ ਵਿੱਚ ਖਰੀਦੇ ਅਤੇ 5 ਕਰੋੜ ਰੁਪਏ ਤੋਂ ਵੱਧ ਵਿੱਚ ਵੇਚ ਕੇ ਮੋਟਾ ਮੁਨਾਫਾ ਕਮਾਇਆ। ਇਨ੍ਹਾਂ ਤੋਹਫ਼ਿਆਂ ਵਿੱਚ ਮਹਿੰਗੀਆਂ ਕਾਰਾਂ, ਪੈੱਨ ਅਤੇ ਮਹਿੰਗੀਆਂ ਮੁੰਦਰੀਆਂ ਵੀ ਸ਼ਾਮਲ ਸਨ।