ਪੰਥਕ ਏਜੰਡਾ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਬੈਠਕ `ਚ ਪੰਥਕ ਏਜੰਡਾ ਘਰ-ਘਰ ਪਹੁੰਚਾਉਣ ਲਈ ਸਰਗਰਮੀਆਂ ਵਧਾਉਣ ‘ਤੇ ਦਿੱਤਾ ਜ਼ੋਰ

ਚੰਡੀਗੜ੍ਹ, 25 ਨਵੰਬਰ 2023: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸ[ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਪਾਰਟੀ ਦੇ ਪ੍ਰਮੁੱਖ ਆਗੂਆਂ ਦੀ ਇਕ ਅਹਿਮ ਮੀਟਿੰਗ ਪਾਰਟੀ ਮੁੱਖ ਦਫ਼ਤਰ ਵਿਖੇ ਹੋਈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਐਗਜੈਕਟਿਵ ਮੈਂਬਰ ਸ:ਜਸਵੰਤ ਸਿੰਘ ਪੜੈਣ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਮੀਟਿੰਗ ਵਿਚ ਪਾਰਟੀ ਦਾ ਪੰਥਕ ਏਜੰਡਾ ਘਰ-ਘਰ ਪਹੁੰਚਾਉਣ ਲਈ ਸਮੁੱਚੇ ਪੰਜਾਬ ਵਿਚ ਸਰਗਰਮੀਆਂ ਵਧਾਉਣ `ਤੇ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਾਂ ਬਣਾਉਣ ਦੀ ਚੱਲ ਰਹੀ ਪ੍ਰਕਿਰਿਆ ਵਿਚ ਪਾਰਟੀ ਦੇ ਅਹੁਦੇਦਾਰਾਂ ਨੂੰ ਗੁਰਸਿੱਖ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ ਗਈ।

ਮੀਟਿੰਗ ਵਿਚ ਸਮੂਹ ਆਗੂਆਂ ਨੇ ਇਕਸੁਰ ਹੁੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸਿਆਸਤ ਤੋਂ ਮੁਕਤ ਕਰਵਾਇਆ ਜਾਵੇ। ਆਗੂਆਂ ਨੇ ਕਿਹਾ ਕਿ ਮੌਜੂਦਾ ਧਿਰ ਸ਼੍ਰੋਮਣੀ ਕਮੇਟੀ ਨੂੰ ਸਿਰਫ਼ ਸੱਤਾ ਹਾਸਿਲ ਕਰਨ ਲਈ ਇਕ ਸਾਧਨ ਵਜੋਂ ਵਰਤ ਰਹੀ ਹੈ। ਜਦਕਿ ਇਸ ਦੇ ਮੋਢੀਆਂ ਦਾ ਨਿਸ਼ਾਨਾ ਸਿਰਫ਼ ਗੁਰੂ ਤੇ ਪੰਥ ਹੀ ਰਿਹਾ ਸੀ।

ਆਗੂਆਂ ਨੇ ਬਾਦਲ ਦਲ ਵਿਰੋਧੀ ਪੰਥਕ ਧਿਰਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਤਾਂ ਜੋ ਸ਼੍ਰੋਮਣੀ ਕਮੇਟੀ ਦੀ ਪੁਰਾਣੀ ਪਵਿੱਤਰਤਾ ਨੂੰ ਮੁੜ ਬਹਾਲ ਕੀਤਾ ਜਾ ਸਕੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ.ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਮੁੱਖ ਟੀਚਾ ਪੰਥਕ ਵਿਚਾਰਧਾਰਾ ਨੂੰ ਉਭਾਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਖੜੋਤ ਪੈਦਾ ਹੋ ਗਈ ਹੈ ਤੇ ਅਜੋਕੇ ਸਮੇਂ ਵਿਚ ਇਸ ਨੂੰ ਸਿੱਖ ਸਿਆਸਤਦਾਨਾਂ ਤੋਂ ਮੁਕਤ ਕਰਵਾਉਣ ਲਈ ਪੰਥ ਹਿਤੈਸ਼ੀਆਂ ਨੂੰ ਇਕਜੁੱਟ ਹੋਕੇ ਹੰਬਲਾ ਮਾਰਨ ਦੀ ਬੇਹੱਦ ਲੋੜ ਹੈ।

ਮੀਟਿੰਗ ਵਿਚ ਜਸਟਿਸ ਨਿਰਮਲ ਸਿੰਘ, ਬੀਬੀ ਪਰਮਜੀਤ ਕੌਰ ਗੁਲਸ਼ਨ, ਪਰਮਿੰਦਰ ਸਿੰਘ ਢੀਂਡਸਾ, ਜਸਵੰਤ ਸਿੰਘ ਪੜੈਣ, ਮਨਜੀਤ ਸਿੰਘ ਭੋਮਾ, ਮਾਸਟਰ ਮਿੱਠੂ ਸਿੰਘ ਕਾਹਨੇਕੇ, ਅਰਜਨ ਸਿੰਘ ਸ਼ੇਰਗਿੱਲ, ਸੁਖਵਿੰਦਰ ਸਿੰਘ ਔਲਖ,ਰਣਧੀਰ ਸਿੰਘ ਰੱਖੜਾ, ਸੁਖਵੰਤ ਸਿੰਘ ਸਰਾਓ, ਗੁਰਬਚਨ ਸਿੰਘ ਬਚੀ, ਮਾਸਟਰ ਜੌਹਰ ਸਿੰਘ, ਮਨਜੀਤ ਸਿੰਘ ਬੱਪੀਆਣਾ, ਹਰਦੇਵ ਸਿੰਘ ਰੋਗਲਾ, ਰਾਮਪਾਲ ਸਿੰਘ ਬਹਿਣੀਵਾਲ, ਦਮਨਵੀਰ ਸਿੰਘ ਫਿਲੌਰ, ਗੁਰਿੰਦਰ ਸਿੰਘ ਬਾਜਵਾ, ਹਰਵੇਲ ਸਿੰਘ ਮਾਧੋਪੁਰ, ਤੇਜਿੰਦਰਪਾਲ ਸਿੰਘ ਸੰਧੂ ਅਤੇ ਗਿਆਨ ਸਿੰਘ ਧੁਰੀ ਆਦਿ ਮੌਜੂਦ ਸਨ।

Scroll to Top