ਚੰਡੀਗੜ੍ਹ, 18 ਜੁਲਾਈ 2023: ਬੈਂਗਲੁਰੂ ‘ਚ ਵਿਰੋਧੀ ਪਾਰਟੀਆਂ ਦੀਆਂ ਦੂਜੀ ਸੰਯੁਕਤ ਬੈਠਕ ਜਾਰੀ ਹੈ। 2024 ਦੀਆਂ ਆਮ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਵਿਰੋਧੀ ਧਿਰ ਦੀਆਂ 26 ਪਾਰਟੀਆਂ ਇੱਕਜੁੱਟ ਹੋ ਗਈਆਂ ਹਨ। ਸੂਤਰਾਂ ਮੁਤਾਬਕ ਬੈਠਕ ‘ਚ ਵਿਰੋਧੀ ਪਾਰਟੀਆਂ ਦੇ ਗਠਜੋੜ ਦਾ ਨਾਂ ‘ਇੰਡੀਆ’ (India) ਰੱਖਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸ ਬੈਠਕ ਵਿੱਚ 26 ਸਿਆਸੀ ਪਾਰਟੀਆਂ ਹਿੱਸਾ ਲੈ ਰਹੀਆਂ ਹਨ |
ਬੈਠਕ ਵਿੱਚ ਸ਼ਾਮਲ ਹੋਏ ਰਾਸ਼ਟਰੀ ਜਨਤਾ ਦਲ ਨੇ ਵੀ ਟਵੀਟ ਕੀਤਾ ਕਿ ਵਿਰੋਧੀ ਪਾਰਟੀਆਂ ਦਾ ਗਠਜੋੜ ‘ਇੰਡੀਆ’ ਦਾ ਪ੍ਰਤੀਬਿੰਬ ਹੈ। ਆਰ.ਜੇ.ਡੀ ਨੇ ਭਾਰਤ ਦਾ ਪੂਰਾ ਰੂਪ ਦੱਸਿਆ – INDIA ਯਾਨੀ Indian National Democratic Inclusive Alliance | ਆਰ.ਜੇ.ਡੀ ਨੇ ਇਸ ਦੇ ਨਾਲ ਲਿਖਿਆ- ਹੁਣ ਪ੍ਰਧਾਨ ਮੰਤਰੀ ਮੋਦੀ ਨੂੰ ‘ਇੰਡੀਆ’ ਕਹਿਣ ‘ਚ ਦਰਦ ਹੋਵੇਗਾ।
ਟੀਐਮਸੀ ਸੰਸਦ ਮੈਂਬਰ ਨੇ ਵੀ ਟਵੀਟ ਕੀਤਾ ਕਿ ‘ਚੱਕ ਦੇ ਇੰਡੀਆ’। ਦੂਜੇ ਪਾਸੇ ਕਾਂਗਰਸ ਦੇ ਸੰਸਦ ਮੈਂਬਰ ਮਨਿਕਮ ਟੈਗੋਰ ਨੇ ਲਿਖਿਆ- ਇੰਡੀਆ ਜਿੱਤੇਗਾ। ਹਾਲਾਂਕਿ, ਅਜੇ ਤੱਕ ਨਾਂ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਸ਼ਾਮ 4 ਵਜੇ ਬੈਠਕ ਖਤਮ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਨੇਤਾ ਪ੍ਰੈੱਸ ਕਾਨਫਰੰਸ ਕਰਨਗੇ।
ਸਮਾਚਾਰ ਏਜੰਸੀ ਪੀਟੀਆਈ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਕਾਂਗਰਸ ਚਾਹੁੰਦੀ ਹੈ ਕਿ ਸੋਨੀਆ ਗਾਂਧੀ ਵਿਰੋਧੀ ਪਾਰਟੀਆਂ ਦੀ ਚੇਅਰਪਰਸਨ ਬਣੇ। ਕਾਰਨ ਇਹ ਹੈ ਕਿ ਸੋਨੀਆ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੀ ਆਗੂ ਹੈ ਅਤੇ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰ ਵੀ ਨਹੀਂ ਹੈ। ਪਟਨਾ ‘ਚ ਹੋਈ ਬੈਠਕ ‘ਚ ਕੁਝ ਲੋਕਾਂ ਨੇ ਨਿਤੀਸ਼ ਕੁਮਾਰ ਨੂੰ ਕਨਵੀਨਰ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ। ਜੇਕਰ ਸਾਰੀਆਂ ਪਾਰਟੀਆਂ ਇਸ ‘ਤੇ ਸਹਿਮਤ ਹੁੰਦੀਆਂ ਹਨ ਤਾਂ ਕਾਂਗਰਸ ਵੀ ਇਸ ਨੂੰ ਸਵੀਕਾਰ ਕਰੇਗੀ।