July 7, 2024 8:56 am
budget

ਬਜਟ ‘ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਮਾਮਲੇ ‘ਚ ਕੇਂਦਰ ਸਰਕਾਰ ਨੇ ਵੱਟੀ ਚੁੱਪੀ

ਚੰਡੀਗੜ੍ਹ , 01 ਫਰਵਰੀ 2023: ਵਿੱਤੀ ਸਾਲ 2023-24 ਦਾ ਬਜਟ (budget) ਪੇਸ਼ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਖੇਤੀਬਾੜੀ ਸੈਕਟਰ ਲਈ ਕਈ ਵੱਡੇ ਐਲਾਨ ਜ਼ਰੂਰ ਕੀਤੇ ਹਨ, ਪਰ ਕੇਂਦਰ ਸਰਕਾਰ ਨੇ ਆਮ ਬਜਟ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਮਾਮਲੇ ਵਿੱਚ ਚੁੱਪੀ ਵੱਟੀ ਰੱਖੀ |

ਇਸ ਬਜਟ (budget) ਵਿੱਚ ਕੇਂਦਰ ਸਰਕਾਰ ਨੇ 2023 ਦੌਰਾਨ ਕਿਸਾਨਾਂ ਨੂੰ 20 ਲੱਖ ਕਰੋੜ ਰੁਪਏ ਤੱਕ ਦੇ ਕਰਜ਼ੇ ਵੰਡਣ ਦਾ ਟੀਚਾ ਰੱਖਿਆ ਹੈ। 20 ਲੱਖ ਕ੍ਰੈਡਿਟ ਕਾਰਡ ਵੰਡੇ ਜਾਣਗੇ। ਬਾਜਰੇ ਨੂੰ ਉਤਸ਼ਾਹਿਤ ਕਰਨ ਲਈ ਸ਼੍ਰੀ ਅੰਨ ਯੋਜਨਾ ਸ਼ੁਰੂ ਕੀਤੀ ਗਈ ਹੈ। ਕਿਸਾਨ ਸਨਮਾਨ ਨਿਧੀ ਤਹਿਤ 2.2 ਲੱਖ ਕਰੋੜ ਰੁਪਏ ਦਿੱਤੇ ਗਏ ਹਨ। ਮਤਸਿਆ ਸੰਪਦਾ ਦੇ ਨਵੇਂ ਸਬ-ਪ੍ਰੋਜੈਕਟ ਵਿੱਚ 6000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ।

ਬਜਟ ਦੇ ਇਨ੍ਹਾਂ ਐਲਾਨਾਂ ‘ਤੇ ਜੈ ਕਿਸਾਨ ਅੰਦੋਲਨ ਦੇ ਰਾਸ਼ਟਰੀ ਪ੍ਰਧਾਨ ਅਤੇ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ‘ਏਆਈਕੇਐੱਸਸੀਸੀ’ ਦੇ ਸੀਨੀਅਰ ਮੈਂਬਰ ਅਵਿਕ ਸਾਹਾ ਦਾ ਕਹਿਣਾ ਹੈ ਕਿ ਇੱਕ ਕਿਸਾਨ ਦੀ ਔਸਤ ਆਮਦਨ 27 ਰੁਪਏ ਪ੍ਰਤੀ ਦਿਨ ਹੈ। ਆਮ ਬਜਟ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਨੇ ਚੁੱਪੀ ਵੱਟੀ ਹੋਈ ਹੈ।

ਵਿੱਤ ਮੰਤਰੀ ਨੇ ਕਿਸਾਨਾਂ ਦੀ ਆਰਥਿਕ ਸਥਿਤੀ ਬਾਰੇ ਫਿਲਹਾਲ ਕੁਝ ਨਹੀਂ ਕਿਹਾ। ਸਾਲ 2016 ਵਿੱਚ ਐਲਾਨ ਕੀਤਾ ਗਿਆ ਸੀ ਕਿ ਪੰਜ ਸਾਲਾਂ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ। ਹੁਣ 2023-24 ਦੇ ਬਜਟ ਵਿੱਚ ਘੱਟੋ-ਘੱਟ ਇਹ ਤਾਂ ਦੱਸ ਦਿੰਦੇ ਕਿ ਦੁੱਗਣੀ ਆਮਦਨ ਦਾ ਐਲਾਨ ਕਿਸ ਹੱਦ ਤੱਕ ਪਹੁੰਚ ਗਿਆ ਹੈ।

ਵਿੱਤ ਮੰਤਰੀ ਨੇ ਬਜਟ ‘ਚ ਕਿਸਾਨ ਡਿਜੀਟਲ ਜਨਤਕ ਬੁਨਿਆਦੀ ਢਾਂਚੇ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਐਗਰੀ ਸਟਾਰਟਅੱਪਸ ਲਈ ਵੱਖਰਾ ਫੰਡ ਬਣਾਉਣ ਦੀ ਗੱਲ ਕੀਤੀ ਹੈ। ਕਿਸਾਨ ਆਗੂ ਅਵਿਕ ਸਾਹਾ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਸਾਲ ਨਵੇਂ ਐਲਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਐਲਾਨੀਆਂ ਗਈਆਂ ਸਕੀਮਾਂ ਦੀ ਸਥਿਤੀ ਕੀ ਹੈ। ਦੱਸਿਆ ਜਾਣਾ ਚਾਹੀਦਾ ਹੈ ਕਿ ਉਹ ਯੋਜਨਾਵਾਂ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਕਿੰਨੀਆਂ ਸਫਲ ਰਹੀਆਂ ਹਨ।

ਪਿਛਲੇ ਬਜਟ ਵਿੱਚ ਜਿਨ੍ਹਾਂ ਯਤਨਾਂ ਦਾ ਜ਼ਿਕਰ ਕੀਤਾ ਗਿਆ ਸੀ, ਉਹ ਕਿੱਥੋਂ ਤੱਕ ਪਹੁੰਚੀਆਂ ਹਨ। ਇਨ੍ਹਾਂ ਸਾਰੀਆਂ ਗੱਲਾਂ ‘ਤੇ ਸਰਕਾਰ ਨੇ ਚੁੱਪੀ ਵੱਟੀ ਹੋਈ ਹੈ। ਸਰਕਾਰ ਪਿਛਲੇ ਐਲਾਨਾਂ ਨੂੰ ‘ਸਭ ਅੱਛਾ ਹੈ’ ਦੇ ਘੇਰੇ ਵਿੱਚ ਪਾ ਦਿੰਦੀ ਹੈ। ਸਰਕਾਰ ਨੂੰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਬਾਰੇ ਦੱਸਣਾ ਚਾਹੀਦਾ ਸੀ।