July 2, 2024 7:34 pm
Manipur

ਮਣੀਪੁਰ ਘਟਨਾ ‘ਚ ਬੀਬੀਆਂ ਨੂੰ ਜਲਦ ਮਿਲੇ ਇਨਸਾਫ਼: ਕੁਲਵੰਤ ਸਿੰਘ

ਮੋਹਾਲੀ, 25 ਜੁਲਾਈ 2023: ਆਮ ਆਦਮੀ ਪਾਰਟੀ ਵੱਲੋਂ ਅੱਜ ਚੰਡੀਗੜ੍ਹ ਵਿਖੇ ਮਣੀਪੁਰ (Manipur) ਹਿੰਸਾ ਅਤੇ ਉੱਥੇ ਬੀਬੀਆਂ ਨਾਲ ਹੋ ਰਹੇ ਅੱਤਿਆਚਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਆਮ ਆਦਮੀ ਪਾਰਟੀ ਸਰਕਾਰ ਦੇ ਸਾਰੇ ਕੈਬਿਨਟ ਮੰਤਰੀ, ਵਿਧਾਇਕ, ਵਰਕਰ ਅਤੇ ਆਮ ਲੋਕਾਂ ਨੇ ਵੀ ਹਿੱਸਾ ਲਿਆ | ਇਸ ਦੌਰਾਨ ਹਲਕਾ ਮੋਹਾਲੀ ਤੋਂ ‘ਆਪ’ ਵਿਧਾਇਕ ਸ. ਕੁਲਵੰਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਇਸ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ | ਇਸ ਮੌਕੇ ਸ. ਕੁਲਵੰਤ ਸਿੰਘ ਨੇ ਮਣੀਪੁਰ ਵਿਚ ਦੋ ਬੀਬੀਆਂ ਉਤੇ ਜਿਨਸੀ ਹਮਲੇ ਦੀ ਵਾਪਰੀ ਘਿਨੌਉਣੀ ਘਟਨਾ ‘ਤੇ ਡੂੰਘਾ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਅਣਮਨੁੱਖੀ ਜੁਰਮ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ।

ਉਨ੍ਹਾਂ ਕਿਹਾ ਕਿ ਇਹ ਵਹਿਸ਼ੀ ਘਟਨਾ ਦੇਸ਼ ਦੇ ਜ਼ਮੀਰ ‘ਤੇ ਵੱਡਾ ਕਲੰਕ ਹੈ ਅਤੇ ਦੇਸ਼ ਦਾ ਹਰ ਵਰਗ ਮਣੀਪੁਰ ਘਟਨਾ ਦੀ ਨਿੰਦਾ ਕਰ ਰਿਹਾ। ਉਨ੍ਹਾਂ ਕਿਹਾ ਕਿ ਇਹ ਘਿਨੌਉਣਾ ਅਤੇ ਅਣਮਨੁੱਖੀ ਕਾਰਾ ਹੈ ਜਿਸ ਕਾਰਨ ਅੱਜ ਹਰ ਦੇਸ਼ ਵਾਸੀ ਸ਼ਰਮ ਮਹਿਸੂਸ ਕਰ ਰਿਹਾ ਹੈ। ਜਿਸ ਦੇਸ਼ ਵਿੱਚ ਸਾਡੀਆਂ ਧੀਆਂ-ਭੈਣਾਂ ਸੁਰੱਖਿਅਤ ਨਹੀਂ ਉਸ ਦੇਸ਼ ਵਿੱਚ ਵਿਕਾਸ ਜਾਂ ਕਾਨੂੰਨ ਵਿਵਸਥਾ ਕਿਸੇ ਕੰਮ ਦੀ ਨਹੀਂ |

ਸ. ਕੁਲਵੰਤ ਸਿੰਘ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਬੇਸਹਾਰਾ ਬੀਬੀਆਂ ਮਨੁੱਖਤਾ ਵਿਰੁੱਧ ਇਸ ਘਿਨੌਉਣੇ ਅਪਰਾਧ ਦਾ ਸ਼ਿਕਾਰ ਹੋਈਆਂ, ਅਜਿਹੇ ਅਪਰਾਧੀ ਕਿਸੇ ਤਰ੍ਹਾਂ ਦੇ ਲਿਹਾਜ਼ ਦੇ ਹੱਕਦਾਰ ਨਹੀਂ ਹਨ, ਸਰਕਾਰ ਨੂੰ ਚਾਹੀਦਾ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਜੋ ਅਜਿਹੇ ਗਲਤ ਅਨਸਰਾਂ ‘ਚ ਕਾਨੂੰਨ ਦਾ ਡਰ ਬਣਿਆ ਰਹੇ ਅਤੇ ਕੋਈ ਹੋਰ ਅਜਿਹੀ ਜੁਅੱਰਤ ਨਾ ਕਰੇ। ਉਨ੍ਹਾਂ ਕਿਹਾ ਕਿ ਅਜਿਹੇ ਅਣਮਨੁੱਖੀ ਕਾਰਿਆਂ ਦੀ ਕਿਸੇ ਵੀ ਸੱਭਿਅਕ ਸਮਾਜ ਵਿੱਚ ਕੋਈ ਥਾਂ ਨਹੀਂ ਹੈ |

Manipur

ਸ. ਕੁਲਵੰਤ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਵਿੱਚ ਤੁਰੰਤ ਦਖਲ ਦੇ ਕੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣੀ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਕੇਂਦਰ ਅਤੇ ਮਣੀਪੁਰ (Manipur) ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਕੀਤਾ ਜਾ ਰਿਹਾ ਹੈ | ਮਣੀਪੁਰ ਸਰਕਾਰ ਸੂਬੇ ਵਿੱਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਕਾਇਮ ਰੱਖ ਵਿੱਚ ਪੂਰੀ ਤਰ੍ਹਾਂ ਨਾਕਾਮ ਹੋਈ ਹੈ | ਉਨ੍ਹਾਂ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਘਟਨਾ ‘ਤੇ ਬਿਆਨ ਦੇਣਾ ਚਾਹੀਦਾ ਹੈ |

ਸ. ਕੁਲਵੰਤ ਸਿੰਘ ਨੇ ਕਿਹਾ ਕਿ ਕਾਫ਼ੀ ਸਮੇਂ ਤੋਂ ਮਣੀਪੁਰ ‘ਚ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜੋ ਕਿ ਬਹੁਤ ਹੀ ਚਿੰਤਾਜਨਕ ਹੈ | ਇਨ੍ਹਾਂ ਹਿੰਸਕ ਘਟਨਾਵਾਂ ਵਿੱਚ ਕਈ ਲੋਕਾਂ ਦੀ ਮੌਤ ਹੋਈ ਅਤੇ ਕਈ ਘਰ ਉੱਜੜ ਗਏ | ਮਣੀਪੁਰ ਵਿੱਚ ਕਾਨੂੰਨ ਵਿਵਸਥਾ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ ਅਤੇ ਕੇਂਦਰ ਸਰਕਾਰ ਅਤੇ ਮਣੀਪੁਰ ਸਰਕਾਰ ਨੂੰ ਇਸ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ।