July 7, 2024 12:25 pm
Seechewal

ਪਰਾਲੀ ਸਾੜਨ ਦੇ ਮਾਮਲੇ ‘ਚ ਪੰਜਾਬ ਦੇ ਕਿਸਾਨਾਂ ਨੂੰ ਜਾਣਬੁੱਝ ਕੇ ਕੀਤਾ ਜਾ ਰਿਹੈ ਬਦਨਾਮ: ਸੰਤ ਬਲਬੀਰ ਸਿੰਘ ਸੀਚੇਵਾਲ

ਸੁਲਤਾਨਪੁਰ ਲੋਧੀ, 4 ਦਸੰਬਰ 2023: ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Balbir Singh Seechewal) ਨੇ ਸਰਦ ਰੁੱਤ ਦੇ ਪਾਰਲੀਮੈਂਟ ਸ਼ੁਰੂ ਹੋਏ ਇਜਲਾਸ ਦੇ ਪਹਿਲੇ ਦਿਨ ਹੀ ਪਰਾਲੀ ਸਾੜਨ ਦੇ ਮਾਮਲੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਜਾਣ ਬੁੱਝ ਕੇ ਬਦਨਾਮ ਕਰਨ ਦਾ ਮੁੱਦਾ ਚੁੱਕਿਆ। ਉਨ੍ਹਾਂ ਪਾਰਲੀਮੈਂਟ ਦੀ ਨਵੀਂ ਬਣੀ ਇਮਾਰਤ ਵਿੱਚ ਪਹਿਲੀਵਾਰ ਬੋਲਦਿਆਂ ਕਿਹਾ ਕਿ ਦਿੱਲੀ ਵਿੱਚ ਸਾਰੇ ਸਾਲ ਦੌਰਾਨ ਸਿਰਫ ਇੱਕ ਦਿਨ ਹੀ ਸੌਖਾ ਸਾਹ ਲੈਣ ਦੇ ਯੋਗ ਰਿਹਾ ਸੀ। ਇਸ ਤਰ੍ਹਾਂ ਮੁਬੰਈ ਵਿੱਚ ਇਕ ਸਾਲ ਵਿੱਚ ਪੰਜ ਦਿਨ ਤੇ ਚੇਨਈ ਵਿਚ 15 ਦਿਨ ਹੀ ਸਾਹ ਲੈਣ ਦੇ ਯੋਗ ਸਨ।

ਉਹਨਾਂ (Balbir Singh Seechewal) ਕਿਹਾ ਕਿ ਪਰ ਹੈਰਾਨੀ ਦੀ ਗੱਲ ਹੈ ਕਿ ਜਦੋਂ ਵੀ ਹਵਾ ਦੇ ਪ੍ਰਦੂਸ਼ਣ ਦੀ ਗੱਲ ਹੁੰਦੀ ਹੈ ਤਾਂ ਉਸ ਲਈ ਸਭ ਤੋਂ ਵੱਧ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ, ਜਦਕਿ ਪਰਾਲੀ ਦਾ ਧੂੰਆਂ ਤਾਂ ਸਿਰਫ ਕੁੱਝ ਦਿਨ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦਾ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਦੀ ਸਰਕਾਰ ਨੂੰ ਇਕ ਸੁਝਾਅ ਦਿੱਤਾ ਸੀ ਕਿ ਜੇਕਰ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਮੱਦਦ ਕੀਤੀ ਜਾਵੇ ਤਾਂ ਪਰਾਲੀ ਦੀ ਅੱਗ ਨੂੰ ਰੋਕਿਆ ਜਾ ਸਕਦਾ ਹੈ। ਪੰਜਾਬ ਸਰਕਾਰ ਨੇ ਮੰਗ ਕੀਤੀ ਸੀ ਕਿ ਜੇਕਰ 1500 ਰੁਪਏ ਕੇਂਦਰ ਸਰਕਾਰ ਦੇਵੇ ਤਾਂ 500 ਦਿੱਲੀ ਸਰਕਾਰ ਅਤੇ 500 ਰੁਪਏ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੇ ਜਾਣਗੇ ਤਾਂ ਜੋ ਪਰਾਲੀ ਦੀ ਸਮੱਸਿਆ ਤੋਂ ਨਿਜ਼ਾਤ ਪਾਈ ਜਾ ਸਕੇ।

ਸੰਤ ਸੀਚੇਵਾਲ ਨੇ ਵਾਤਾਵਰਣ ਦਾ ਚੁੱਕਦਿਆਂ ਕਿਹਾ ਕਿ ਹਵਾ ਦੇ ਪ੍ਰਦੂਸ਼ਣ ਕਾਰਨ ਦੇਸ਼ ਵਿੱਚ ਹਰ ਸਾਲ 21 ਲੱਖ 8 ਹਜਾਰ ਲੋਕ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਉਹਨਾਂ ਕਿਹਾ ਕਿ ਦੇਸ਼ ਦੇ ਬਹੁਤੇ ਸੂਬੇ ਅਤੇ ਸ਼ਹਿਰ ਵੱਖ ਵੱਖ ਰਿਪੋਰਟਾਂ ਮੁਤਾਬਿਕ ਹਮੇਸ਼ਾਂ ਹੀ ਸਭ ਤੋਂ ਪ੍ਰਦੂਸ਼ਿਤ ਸੂਚੀਆਂ ਵਿੱਚ ਹੁੰਦੇ ਹਨ। ਉਹਨਾਂ ਗੁਰਬਾਣੀ ਦਾ ਹਵਾਲਾ ਦਿੰਦਿਆ ਹੋਇਆ ਸਦਨ ਦਾ ਧਿਆਨ ਇਸ ਵੱਲ ਵੀ ਦਵਾਇਆ ਕਿ ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ 500 ਸਾਲ ਤੋਂ ਵੱਧ ਸਮਾਂ ਪਹਿਲਾਂ ਹਵਾ, ਪਾਣੀ ਅਤੇ ਧਰਤੀ ਦੇ ਸਤਿਕਾਰ ਲਈ ਸਾਨੂੰ ਉਪਦੇਸ਼ ਦਿੱਤੇ ਸਨ।

ਅੱਜ ਸਭ ਕੁੱਝ ਉਸਦੇ ਉਲਟ ਹੋ ਰਿਹਾ ਹੈ ਤੇ ਸਮੁੱਚੀ ਲੋਕਾਈ ਵਾਤਾਵਰਣ ਦੇ ਪ੍ਰਦੂਸ਼ਣ ਨਾਲ ਜੂਝ ਰਹੀ ਹੈ। ਉਹਨਾਂ ਦੱਸਿਆ ਕਿ ਇਸ ਪ੍ਰਦੂਸ਼ਣ ਨਾਲ ਵੱਡੀ ਗਿਣਤੀ ਵਿੱਚ ਲੋਕ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਸੰਤ ਸੀਚੇਵਾਲ ਵੱਲੋ ਇੱਕ ਸਦਨ ਵਿੱਚ ਇੱਕ ਰਿਪੋਰਟ ਦਾ ਹਵਾਲਾ ਦਿੰਦਿਆ ਹੋਇਆ ਦੱਸਿਆ ਗਿਆ ਕਿ ਭਾਰਤ ਵਿੱਚ, ਹਵਾ ਪ੍ਰਦੂਸ਼ਣ ਤੋਂ ਹੋਣ ਵਾਲੇ ਆਰਥਿਕ ਨੁਕਸਾਨ ਦੇਸ਼ ਦੇ ਜੀਡੀਪੀ ਦੇ 1.36 ਪ੍ਰਤੀਸ਼ਤ ਦੇ ਬਰਾਬਰ ਸਨ।

ਉਹਨਾਂ (Balbir Singh Seechewal) ਕਿਹਾ ਕਿ ਅਖੀਰ ਵਿੱਚ ਕਿਹਾ ਕਿ ਪੰਜਾਬ ਦੇ ਕਿਸਾਨ ਪਰਾਲੀ ਨੂੰ ਅੱਗ ਨਹੀ ਲਾਉਣਾ ਚਾਹੁੰਦਾ ਕਿਉਂਕਿ ਹਰ ਕੋਈ ਗੁਰੂ ਪਾਤਸ਼ਾਹ ਦੇ ਭੈਅ ਨੂੰ ਮੰਨਦੇ ਹਨ ਤੇ ਸੱਚੀ ਸੁੱਚੀ ਕਿਰਤ ਕਰਦੇ ਹਨ। ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀ ਬਾਂਹ ਫੜੇ ਤਾਂ ਕਿਸਾਨ ਪਾਰਲੀ ਨੂੰ ਵੀ ਅੱਗ ਲਾਉਣੀ ਛੱਡ ਦੇਣਗੇ।।