July 4, 2024 9:35 pm
Rajwinder Singh

ਕਤਲ ਮਾਮਲੇ ‘ਚ ਦਿੱਲੀ ਦੀ ਅਦਾਲਤ ਨੇ ਰਾਜਵਿੰਦਰ ਸਿੰਘ ਨੂੰ ਆਸਟ੍ਰੇਲੀਆ ਹਵਾਲੇ ਕਰਨ ਦੀ ਦਿੱਤੀ ਮਨਜ਼ੂਰੀ

ਚੰਡੀਗੜ੍ਹ, 25 ਜਨਵਰੀ 2023: ਦਿੱਲੀ ਦੀ ਇੱਕ ਅਦਾਲਤ ਨੇ ਰਾਜਵਿੰਦਰ ਸਿੰਘ ਨੂੰ ਆਸਟ੍ਰੇਲੀਆ ਦੇ ਹਵਾਲੇ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਤਾਂ ਜੋ ਉਹ ਆਸਟ੍ਰੇਲੀਆ ਵਿੱਚ ਉਨ੍ਹਾਂ ‘ਤੇ ਲੱਗੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਸਕਣ।ਜ਼ਿਕਰਯੋਗ ਹੈ ਕਿ ਰਾਜਵਿੰਦਰ ਸਿੰਘ ‘ਤੇ ਕੈਰਨਸ (Cairns) ਵਿੱਚ ਰਹਿੰਦੀ ਇੱਕ 24 ਸਾਲਾ ਲੜਕੀ ਟੋਯਾਹ ਕੋਰਡਿੰਗਲੇ (Toyah Cordingley) ਦੇ ਕਤਲ ਦੇ ਕਤਲ ਦੇ ਦੋਸ਼ ਲੱਗੇ ਸਨ। ਆਸਟ੍ਰੇਲੀਆ ਪੁਲਿਸ 2018 ਤੋਂ ਰਾਜਵਿੰਦਰ ਸਿੰਘ ਦੀ ਭਾਲ ਕਰ ਰਹੀ ਸੀ। ਦਿੱਲੀ ਦੀ ਅਦਾਲਤ ਵੱਲੋਂ ਮਨਜ਼ੂਰੀ ਦੇ ਹੁਕਮਾਂ ਤੋਂ ਬਾਅਦ, ਰਾਜਵਿੰਦਰ ਨੂੰ ਆਸਟ੍ਰੇਲੀਆ ਦੇ ਹਵਾਲੇ ਕਰਨ ਲਈ ਭਾਰਤ ਸਰਕਾਰ ਦੀ ਵੀ ਮਨਜ਼ੂਰੀ ਲੈਣੀ ਪਵੇਗੀ।

ਸੁਣਵਾਈ ਦੌਰਾਨ ਰਾਜਵਿੰਦਰ ਸਿੰਘ ਨੂੰ ਤਿਹਾੜ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਦੱਸਿਆ ਕਿ ਹਵਾਲਗੀ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਅਦਾਲਤ ਨੇ ਵਿਸ਼ੇਸ਼ ਸਰਕਾਰੀ ਵਕੀਲ (ਐੱਸ. ਪੀ. ਪੀ.) ਨੂੰ ਪੁੱਛਿਆ ਕਿ ਉਸ ਦੀ ਹਵਾਲਗੀ ਲਈ ਕਿੰਨਾ ਸਮਾਂ ਲੱਗੇਗਾ।

ਐਸਪੀਪੀ ਨੇ ਅਦਾਲਤ ਨੂੰ ਦੱਸਿਆ ਕਿ ਇਸ ‘ਤੇ ਕਾਰਵਾਈ ਕਰਨ ਲਈ 2-3 ਹਫ਼ਤੇ ਲੱਗਣਗੇ। ਸੁਣਵਾਈ ਦੌਰਾਨ ਜੇਲ੍ਹ ਪ੍ਰਸ਼ਾਸਨ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਉਸ ਨੂੰ ਉਬਲਾ ਖਾਣਾ ਦਿੱਤਾ ਜਾ ਰਿਹਾ ਹੈ। ਇਹ ਵੀ ਦੱਸਿਆ ਗਿਆ ਕਿ ਜੇਲਾਂ ਦੀ ਭੀੜ ਜ਼ਿਆਦਾ ਹੋਣ ਕਾਰਨ ਜੇਲ ਸ਼ਿਫਟ ਕਰਨਾ ਸੰਭਵ ਨਹੀਂ ਹੈ।

ਰਾਜਵਿੰਦਰ ਆਸਟ੍ਰੇਲੀਆ ਦਾ ਨਾਗਰਿਕ ਹੈ। ਉਨ੍ਹਾਂ ਨੂੰ ਚਾਰ ਸਾਲ ਦੀ ਭਾਲ ਤੋਂ ਬਾਅਦ, ਦਸੰਬਰ 2022 ਵਿੱਚ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੀ ਪਤਨੀ ਅਤੇ ਤਿੰਨ ਬੱਚੇ ਆਸਟ੍ਰੇਲੀਆ ਵਿੱਚ ਹੀ ਰਹਿੰਦੇ ਹਨ।

ਆਸਟ੍ਰੇਲੀਆ ਪੁਲਿਸ ਰਾਜਵਿੰਦਰ ਤੋਂ ਇਹ ਪੁੱਛਗਿੱਛ ਕਰਨਾ ਚਾਹੁੰਦੀ ਹੈ ਕਿ ਕੀ ਉਸ ਨੇ ਕੋਰਡਿੰਗਲੇ ਨੂੰ ਇੱਕ ਕੁੱਤੇ ਦੇ ਭੌਂਕਣ ਨੂੰ ਲੈ ਹੋਈ ਬਹਿਸ ਤੋਂ ਬਾਅਦ ਕਤਲ ਕੀਤਾ ਸੀ? ਰਾਜਵਿੰਦਰ ਨੇ ਪਹਿਲਾਂ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ‘ਤੇ ਕਤਲ ਦੇ ਦੋਸ਼ ਲੱਗੇ ਹਨ ਅਤੇ ਉਹ ਆਸਟ੍ਰੇਲੀਆ ਇਹ ਕੇਸ ਲੜਨ ਲਈ ਜਾਣਾ ਚਾਹੁੰਦੇ ਹਨ।