ਚੰਡੀਗੜ੍ਹ, 21 ਨਵੰਬਰ 2024: ਕੁਝ ਦਿਨ ਪਹਿਲਾਂ ਮੋਹਾਲੀ (Mohali) ਦੇ ਪਿੰਡ ਕੁੰਭੜਾ ‘ਚ ਕਤਲ ਮਾਮਲੇ ‘ਚ ਅੱਜ ਦੂਜੇ ਨੌਜਵਾਨ ਦਿਲਪ੍ਰੀਤ ਸਿੰਘ ਨੇ ਵੀ ਚੰਡੀਗੜ੍ਹ ਪੀ.ਜੀ.ਆਈ. ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਮ੍ਰਿਤਕ ਦਿਲਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਦਾ ਭਲਕੇ ਯਾਨੀ ਸ਼ੁੱਕਰਵਾਰ ਨੂੰ ਪੋਸਟਮਾਰਟਮ ਹੋਵੇਗਾ । ਜਿਕਰਯੋਗ ਹੈ ਕਿ ਇਸ ਮਾਮਲੇ ‘ਚ ਦਮਨਪ੍ਰੀਤ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਪੁਲਿਸ ਨੇ ਇਸ ਕਤਲ ਮਾਮਲੇ ‘ਚ ਪੰਜ ਮੁਲਜਮਾਂ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਹੋਇਆ ਹੈ | ਮ੍ਰਿਤਕਾਂ ਚੋਂ ਇੱਕ ਨਾਬਾਲਗ ਹੈ |
ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਿੰਡ ਕੁੰਭੜਾ ‘ਚ ਮਾਮੂਲੀ ਤਕਰਾਰ ਤੋਂ ਬਾਅਦ ਅਚਾਨਕ ਖੂਨੀ ਝੜੱਪ ਹੋ ਗਈ | ਜਿੱਥੇ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਦੋ ਨੌਜਵਾਨਾਂ ‘ਤੇ ਹਮਲਾ ਕਰ ਦਿੱਤਾ | ਜਾਣਕਾਰੀ ਮੁਤਾਬਕ ਇਹ ਹਮਲਾਵਰ ਪ੍ਰਵਾਸੀ ਸਨ|
ਇਸ ਘਟਨਾ ‘ਚ ਇੱਕ 17 ਸਾਲਾ ਨੌਜਵਾਨ ਦਮਨਪ੍ਰੀਤ ਅਤੇ ਉਸਦਾ ਦੋਸਤ ਗੰਭੀਰ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਦਮਨਪ੍ਰੀਤ ਸਿੰਘ ਅਤੇ ਉਸਦੇ ਜ਼ਖਮੀ ਦੋਸਤ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ | ਇਨ੍ਹਾਂ ‘ਚ ਇੱਕ ਨੌਜਵਾਨ ਦੀ ਜਾਨ ਚਲੀ ਗਈ ਸੀ | ਦਮਨਪ੍ਰੀਤ ਦਾ 16 ਸਾਲਾ ਦੋਸਤ ਇਸ ਸਮੇਂ ਹਸਪਤਾਲ ‘ਚ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਸੀ |
ਘਟਨਾ ਵਾਲੇ ਦਿਨ ਬਾਰੇ ਨੌਜਵਾਨ ਦੀ ਚਾਚੀ ਨੇ ਦੱਸਿਆ ਸੀ ਕਿ ਦੋ ਨੌਜਵਾਨ ਗਲੀ ‘ਚ ਖੇਡ ਰਹੇ ਸਨ, ਇਸ ਦੌਰਾਨ ਪ੍ਰਵਾਸੀਆਂ ਨੇ ਮੋਟਰਸਾਈਕਲ ਇਨ੍ਹਾਂ ਨੌਜਵਾਨਾਂ ਦੇ ‘ਚ ਮਾਰਿਆ ਅਤੇ ਰੌਲਾ ਨਾ ਪਾਉਣ ਲਈ ਕਿਹਾ | ਇਸ ਦੌਰਾਨ ਇਨ੍ਹਾਂ ‘ਚ ਤਕਰਾਰ ਹੋ ਗਈ | ਉਨ੍ਹਾਂ ਦੱਸਿਆ ਕਿ ਪਰਵਾਸੀ ਨੌਜਵਾਨ ਜੋ ਕਿ ਪੀਜੀ ‘ਚ ਰਹਿ ਰਹੇ ਹਨ ਉਨ੍ਹਾਂ ਕੋਲ ਤੇਜਧਾਰ ਹਥਿਆਰ ਸਨ ਅਤੇ ਦੋਵੇਂ ‘ਤੇ ਹਮਲਾ ਕਰ ਦਿੱਤਾ |
ਦੂਜੇ ਪਾਸੇ ਪੁਲਿਸ (Mohali Police) ਵੱਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ‘ਤੇ ਪਿੰਡ ਵਾਸੀਆਂ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਏਅਰਪੋਰਟ ਰੋਡ ਜਾਮ ਕਰ ਦਿੱਤਾ ਸੀ | ਪਿੰਡ ਵਾਸੀਆਂ ਦੀ ਮੰਗ ਸੀ ਕਿ ਜਦੋਂ ਤੱਕ ਮੁਲਜ਼ਮਾ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਦੋਂ ਤੱਕ ਰੋਡ ਜਾਮ ਰਹੇਗਾ | ਇਸ ਦੌਰਾਨ ਮੌਕੇ ‘ਤੇ ਪਹੁੰਚੇ ਐਸਪੀ ਹਰਬੀਰ ਅਟਵਾਲ ਹੋਰ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਪਰਿਵਾਰਕ ਮੈਬਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ |