Vigilance Bureau

ਅਨਾਜ ਘਪਲੇ ਮਾਮਲੇ ‘ਚ ਵਿਜੀਲੈਂਸ ਬਿਊਰੋ ਵੱਲੋਂ ਮੁਲਜ਼ਮ ਆਰ.ਕੇ. ਸਿੰਗਲਾ ਦਾ ਸਾਥੀ ਗ੍ਰਿਫਤਾਰ

ਚੰਡੀਗੜ੍ਹ, 19 ਸਤੰਬਰ 2024: ਬਹੁ-ਚਰਚਿਤ ਅਨਾਜ ਘਪਲੇ (Grains scam) ਮਾਮਲੇ ‘ਚ ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੂੰ ਇੱਕ ਹੋਰ ਕਾਮਯਾਬੀ ਹਾਸਲ ਹੋਈ ਹੈ | ਵਿਜੀਲੈਂਸ ਬਿਊਰੋ ਨੇ ਅੱਜ ਅਨਾਜ ਘਪਲੇ ਮਾਮਲੇ ‘ਚ ਮੁਲਜ਼ਮ ਰਾਕੇਸ਼ ਸਿੰਗਲਾ, ਸਾਬਕਾ ਡਿਪਟੀ ਡਾਇਰੈਕਟਰ, ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਪੰਜਾਬ ਦੇ ਸਾਥੀ ਅਤੇ ਬੱਤਰਾ ਫਾਰਮਾਸਿਊਟੀਕਲਜ਼ ਦੇ ਡਿਸਟ੍ਰੀਬਿਊਟਰ ਅਨੁਰਾਗ ਬੱਤਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ |

ਵਿਜ਼ੀਲੈਂਸ ਮੁਤਾਬਕ ਉਨ੍ਹਾਂ ‘ਤੇ ਰਾਕੇਸ਼ ਸਿੰਗਲਾ ਦੇ ਕਾਲੇ ਧਨ ਨੂੰ ਚਿੱਟੇ ‘ਚ ਤਬਦੀਲ ਕਰਨ ਦਾ ਦੋਸ਼ ਲੱਗਾ ਹੈ। ਉਕਤ ਮੁਲਜ਼ਮ ਨੂੰ ਅੱਜ ਲੁਧਿਆਣਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਅਦਾਲਤ ਨੇ ਮੁਲਜ਼ਮ ਨੂੰ 1 ਦਿਨ ਦੇ ਪੁਲਿਸ ਰਿਮਾਂਡ ‘ਤੇ ਵਿਜੀਲੈਂਸ ਬਿਊਰੋ ਦੇ ਹਵਾਲੇ ਕਰ ਦਿੱਤਾ ਹੈ।

ਇਸ ਸੰਬੰਧੀ ਵਿਜੀਲੈਂਸ ਬਿਊਰੋ (Vigilance Bureau) ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਹੋਰਨਾਂ ਖਿਲਾਫ ਐਫ.ਆਈ.ਆਰ. ਨੰਬਰ 11 ਮਿਤੀ 16.08.2022 ਨੂੰ ਭਾਰਤੀ ਦੰਡਾਵਲੀ ਦੀ ਧਾਰਾ 409, 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ, 8, 12, 13 ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਦਰਜ ਕੀਤਾ ਗਿਆ ਹੈ |

ਜਾਂਚ ਦੌਰਾਨ ਪਾਇਆ ਗਿਆ ਕਿ ਉਕਤ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਨੇ ਆਪਣੇ ਅਤੇ ਆਪਣੀ ਘਰਵਾਲੀ ਦੇ ਨਾਂ ‘ਤੇ ਅਣਜਾਣੇ ਆਮਦਨੀ ਦੇ ਸਰੋਤਾਂ ਤੋਂ 12 ਜਾਇਦਾਦਾਂ ਖਰੀਦੀਆਂ ਸਨ। ਬਾਅਦ ‘ਚ ਸਿੰਗਲਾ ਨੂੰ ਉਪਰੋਕਤ ਕੇਸ ‘ਚ ਇਸ਼ਤਿਹਾਰੀ ਭਗੌੜਾ (ਪੀ.ਓ.) ਕਰਾਰ ਦੇ ਦਿੱਤਾ ਗਿਆ ਸੀ।

ਇਸ ਦੌਰਾਨ ਰਾਕੇਸ਼ ਕੁਮਾਰ ਸਿੰਗਲਾ ਅਤੇ ਉਸ ਦੀ ਘਰਵਾਲੀ ਰਚਨਾ ਸਿੰਗਲਾ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਬੀ) ਤੇ 13(2) ਤਹਿਤ ਐਫ.ਆਈ.ਆਰ. ਨੰਬਰ 08 ਮਿਤੀ 19.04.2023 ਅਧੀਨ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਕੀਤਾ ਸੀ।

ਵਿਜੀਲੈਂਸ (Vigilance Bureau) ਨੇ ਦੱਸਿਆ ਕਿ ਜਾਂਚ ਪਾਇਆ ਗਿਆ ਕਿ ਮੁਲਜ਼ਮ ਸਿੰਗਲਾ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ‘ਚ ਤਾਇਨਾਤੀ ਦੌਰਾਨ ਰਿਸ਼ਵਤ ਰਾਹੀਂ ਵੱਡੀ ਰਕਮ ਇਕੱਠੀ ਕੀਤੀ ਅਤੇ ਆਪਣੀ ਘਰਵਾਲੀ ਰਚਨਾ ਸਿੰਗਲਾ ਦੀ ਮਿਲੀਭੁਗਤ ਨਾਲ ਉਸ ਦੇ ਨਾਂ ‘ਤੇ ਕਈ ਜਾਇਦਾਦਾਂ ਖਰੀਦੀਆਂ ਸਨ, ਜੋ ਕਿ ਉਨ੍ਹਾਂ ਦੀ ਆਮਦਨ ਦੇ ਸਰੋਤਾਂ ਨਾਲ ਮੇਲ ਨਹੀਂ ਖਾਂਦੀਆਂ।

ਪੜਤਾਲ ਦੌਰਾਨ ਇਹ ਵੀ ਪਤਾ ਲੱਗਾ ਕਿ ਮੁਲਜ਼ਮ ਸਿੰਗਲਾ ਨੇ ਲਗਭਗ 5 ਕਰੋੜ ਰੁਪਏ ਦੀਆਂ 12 ਜਾਇਦਾਦਾਂ ਖਰੀਦੀਆਂ ਸਨ। ਇਹਨਾਂ 12 ਜਾਇਦਾਦਾਂ ‘ਚੋਂ 4 ਲੁਧਿਆਣਾ ਸ਼ਹਿਰ ਵਿਖੇ, 5 ਐਸ.ਸੀ.ਓਜ਼ ਖੰਨਾ ਵਿਖੇ, 1 ਚੰਡੀਗੜ੍ਹ ਵਿਖੇ ਅਤੇ 2 ਜਾਇਦਾਦਾਂ (ਐਸ.ਸੀ.ਓਜ਼) ਮੋਹਾਲੀ ਦੇ ਨਿਊ ਚੰਡੀਗੜ੍ਹ ਵਿਖੇ ਹਨ। ਉਨ੍ਹਾਂ ਅੱਗੇ ਕਿਹਾ ਕਿ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 18ਏ ਤਹਿਤ ਉਸ ਦੀਆਂ ਸਾਰੀਆਂ 12 ਜਾਇਦਾਦਾਂ ਦੀ ਕੁਰਕੀ ਲਈ ਲੁਧਿਆਣਾ ਦੀ ਅਦਾਲਤ ‘ਚ ਕਾਰਵਾਈ ਪ੍ਰਕਿਰਿਆ ਅਧੀਨ ਹੈ।

ਵਿਜੀਲੈਂਸ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਅਨੁਰਾਗ ਬੱਤਰਾ ਵਾਸੀ ਐਸ.ਸੀ.ਓ. 360, ਸੈਕਟਰ 32 ਡੀ, ਚੰਡੀਗੜ੍ਹ ਨੇ ਆਰ. ਕੇ. ਸਿੰਗਲਾ ਦੀ ਉਸਦੇ ਕਾਲੇ ਧਨ ਨੂੰ ਚਿੱਟੇ ‘ਚ ਤਬਦੀਲ ਕਰਨ ‘ਚ ਸਹਾਇਤਾ ਕੀਤੀ ਸੀ।

ਉਸ ਨੇ ਸਾਲ 2021 ਦੌਰਾਨ ਰਚਨਾ ਸਿੰਗਲਾ ਦੇ ਬੈਂਕ ਖਾਤੇ ‘ਚ 9,03,450 ਲੱਖ ਰੁਪਏ ਅਤੇ 19,05,750 ਲੱਖ ਰੁਪਏ (ਕੁੱਲ 28,09,200 ਰੁਪਏ) ਟਰਾਂਸਫਰ ਕੀਤੇ ਸਨ। ਮੁਲਜ਼ਮ ਅਨੁਰਾਗ ਬੱਤਰਾ ਇਸ ਗੱਲ ਦਾ ਸਪੱਸ਼ਟੀਕਰਨ ਦੇਣ ‘ਚ ਅਸਫਲ ਰਿਹਾ ਕਿ ਹਰਿਆਣਾ ਸਰਕਾਰ ਤੋਂ 5 ਹੁਕਮ ਪ੍ਰਾਪਤ ਕਰਨ ਲਈ ਰਚਨਾ ਸਿੰਗਲਾ ਵੱਲੋਂ ਕਿਸ ਤਰ੍ਹਾਂ ਦੀ ਮੱਦਦ ਕੀਤੀ ਸੀ।

ਵਿਜੀਲੈਂਸ ਮੁਤਾਬਕ ਮੁਲਜ਼ਮ ਬੱਤਰਾ ਵੱਲੋਂ ਪੜਤਾਲ ਦੌਰਾਨ ਇਹ ਵੀ ਖ਼ੁਲਾਸਾ ਕੀਤਾ ਗਿਆ ਹੈ ਕਿ ਜਿਨ੍ਹਾਂ ਦਿਨਾਂ ਵਿੱਚ ਪੈਸੇ ਟਰਾਂਸਫਰ ਕੀਤੇ ਗਏ, ਰਚਨਾ ਸਿੰਗਲਾ ਭਾਰਤ ‘ਚ ਨਹੀਂ ਸਗੋਂ ਵਿਦੇਸ਼ ‘ਚ ਸੀ। ਵਿਜੀਲੈਂਸ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਉਕਤ ਮੁਲਜ਼ਮ ਬੱਤਰਾ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ ਅਤੇ ਖੁਲਾਸਾ ਕੀਤਾ ਹੈ ਕਿ ਉਸ ਦੇ ਇਕ ਦੋਸਤ ਨੇ ਉਸ ਨੂੰ ਆਰ. ਕੇ. ਸਿੰਗਲਾ ਦੇ ਕਾਲਾ ਧਨ ਨੂੰ ਚਿੱਟੇ ‘ਚ ਬਦਲਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।

Scroll to Top