ਚੰਡੀਗੜ੍ਹ, 14 ਅਗਸਤ, 2023: ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ (Shimla) ਵਿੱਚ ਭਾਰੀ ਮੀਂਹ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਭਾਰੀ ਮੀਂਹ ਕਾਰਨ ਇੱਕ ਸ਼ਿਵ ਮੰਦਰ ਜ਼ਮੀਨ ਖਿਸਕਣ ਕਾਰਨ ਢਹਿ ਗਿਆ। ਇਸ ਵਿੱਚ 40 ਤੋਂ ਵੱਧ ਵਿਅਕਤੀਆਂ ਦੇ ਦਬੇ ਹੋਣ ਦੀ ਖਦਸ਼ਾ ਜਤਾਇਆ ਜਾ ਰਿਹਾ ਹੈ । ਇਹ ਘਟਨਾ ਸ਼ਿਮਲਾ ਦੇ ਸਮਰਹਿਲ ਇਲਾਕੇ ਦੀ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਮਲਬੇ ‘ਚੋਂ ਤਿੰਨ ਲਾਸ਼ਾਂ ਕੱਢੀਆਂ ਗਈਆਂ ਹਨ। ਮੌਕੇ ‘ਤੇ ਬਚਾਅ ਕਾਰਜ ਜਾਰੀ ਹੈ। ਸਾਵਣ ਦਾ ਸੋਮਵਾਰ ਹੋਣ ਕਾਰਨ ਵੱਡੀ ਗਿਣਤੀ ‘ਚ ਲੋਕ ਮੰਦਰ ‘ਚ ਪੁੱਜੇ ਹੋਏ ਸਨ। ਦੂਜੇ ਪਾਸੇ ਸ਼ਿਮਲਾ ਦੀ ਲਾਲ ਕੋਠੀ ‘ਚ ਜ਼ਮੀਨ ਖਿਸਕਣ ਕਾਰਨ ਕੁਝ ਲੋਕਾਂ ਦੇ ਦਬੇ ਜਾਣ ਦਾ ਖਦਸ਼ਾ ਹੈ। ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਟਵੀਟ ਕਰਕੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।
ਸ਼ਿਮਲਾ ਦੇ ਐਸਪੀ ਸੰਜੀਵ ਕੁਮਾਰ ਗਾਂਧੀ ਨੇ ਦੱਸਿਆ ਕਿ ਜ਼ਮੀਨ ਖਿਸਕਣ ਨਾਲ ਇੱਕ ਮੰਦਰ ਢਹਿ ਗਿਆ। ਇਸ ਨਾਲ ਆਲੇ-ਦੁਆਲੇ ਦੀਆਂ ਇਮਾਰਤਾਂ ਲਈ ਵੀ ਖਤਰਾ ਬਣਿਆ ਹੋਇਆ ਹੈ। ਕਈ ਲੋਕ ਫਸੇ ਹੋਏ ਹਨ। ਬਚਾਅ ਕਾਰਜ ਜਾਰੀ ਹੈ। ਮੌਕੇ ‘ਤੇ ਲੈਂਡ ਸਲਾਈਡ ਵੀ ਹੋ ਰਹੀ ਹੈ। ਸਾਵਣ ਸੋਮਵਾਰ ਹੋਣ ਕਾਰਨ ਬਹੁਤ ਸਾਰੇ ਲੋਕ ਸਵੇਰ ਤੋਂ ਹੀ ਮੰਦਰ ਪਹੁੰਚੇ ਸਨ।