ਚੰਡੀਗੜ੍ਹ 02 ਜਨਵਰੀ 2022: ਸਾਊਦੀ ਅਰਬ (Saudi Arabia) ‘ਚ ਔਰਤਾਂ ਦੇ ਡਰਾਈਵਿੰਗ ‘ਤੇ ਲੱਗੀ ਪਾਬੰਦੀ ਚਾਰ ਸਾਲ ਪਹਿਲਾਂ ਹੀ ਹਟਾਈ ਗਈ ਸੀ। ਹੁਣ ਬਹੁਤ ਜਲਦੀ ਇੱਥੇ ਦੀਆਂ ਔਰਤਾਂ ਬੁਲੇਟ ਟਰੇਨ ਚਲਾਉਂਦੀਆਂ ਨਜ਼ਰ ਆਉਣਗੀਆਂ। ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਦੇ ਵਿਜ਼ਨ-2030 ਤਹਿਤ ਔਰਤਾਂ ਦਾ ਇਹ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ।
ਸਾਊਦੀ ਅਰਬ ਰੇਲਵੇ (Saudi Arabian Railways) ਨੇ ਖ਼ੁਦ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਇਨ੍ਹਾਂ ਮਹਿਲਾ ਬੁਲੇਟ ਟਰੇਨ ਡਰਾਈਵਰਾਂ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਗਿਆ ਹੈ। 32 ਔਰਤਾਂ ਦੇ ਪਹਿਲੇ ਬੈਚ ਨੇ ਸਿਖਲਾਈ ਪੂਰੀ ਕਰ ਲਈ ਹੈ। ਇਸ ਪਹਿਲੀ ਨਿਯੁਕਤੀ ਮੱਕਾ-ਮਦੀਨਾ ਵਿਚਾਲੇ ਚੱਲਣ ਵਾਲੀ ਬੁਲੇਟ ਟਰੇਨ ‘ਚ ਹੋਈ ਹੈ।
ਅਜੋਕੇ ਸਮੇਂ ‘ਚ ਸਾਊਦੀ ਔਰਤਾਂ ਨੇ ਦੇਸ਼ ਦੀ ਆਰਥਿਕਤਾ ਨੂੰ ਸੁਧਾਰਨ ‘ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਹੁਣ ਇਹ ਰੁਝਾਨ ਹੋਰ ਮਜ਼ਬੂਤ ਹੋ ਰਿਹਾ ਹੈ। ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ 2018 ਤੋਂ ਪਹਿਲਾਂ ਇੱਥੇ ਔਰਤਾਂ ਨੂੰ ਗੱਡੀ ਚਲਾਉਣ ਦੀ ਇਜਾਜ਼ਤ ਵੀ ਨਹੀਂ ਸੀ।
ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਨੇ 2016 ਵਿੱਚ ਵਿਜ਼ਨ 2030 ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਮਕਸਦ ਤੇਲ ‘ਤੇ ਦੇਸ਼ ਦੀ ਅਰਥਵਿਵਸਥਾ ਦੀ ਨਿਰਭਰਤਾ ਨੂੰ ਘੱਟ ਕਰਨਾ ਹੈ। ਇਸ ਤਹਿਤ ਕਈ ਅਜਿਹੇ ਪ੍ਰੋਗਰਾਮ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿਚ ਔਰਤਾਂ ਦੀ ਵੀ ਵੱਡੀ ਹਿੱਸੇਦਾਰੀ ਹੈ। ਹੁਣ ਸਰਕਾਰੀ ਦਫ਼ਤਰਾਂ ਤੋਂ ਇਲਾਵਾ ਕਈ ਔਰਤਾਂ ਪ੍ਰਾਈਵੇਟ ਸੈਕਟਰ ਵਿੱਚ ਵੀ ਕੰਮ ਕਰ ਰਹੀਆਂ ਹਨ। ਸਿੱਖਿਆ ਖੇਤਰ ਵਿੱਚ ਵੀ ਉਸ ਦੀ ਹਿੱਸੇਦਾਰੀ ਤੇਜ਼ੀ ਨਾਲ ਵਧੀ ਹੈ।