Paddy

ਐੱਸ.ਏ.ਐੱਸ ਨਗਰ ’ਚ ਮਿੱਥੇ ਟੀਚੇ ਦੇ ਮੁਕਾਬਲੇ 115 ਫ਼ੀਸਦੀ ਝੋਨੇ ਦੀ ਮੰਡੀਆਂ ’ਚੋਂ ਖਰੀਦ: DC ਆਸ਼ਿਕਾ ਜੈਨ

ਐੱਸ.ਏ.ਐੱਸ ਨਗਰ, 01 ਨਵੰਬਰ 2023: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ ’ਚੋਂ ਮੰਗਲਵਾਰ ਸ਼ਾਮ ਤੱਕ 1,96,628 ਮੀਟਿ੍ਰਕ ਟਨ ਝੋਨਾ (Paddy) ਖਰੀਦ ਕੀਤਾ ਜਾ ਚੁੱਕਾ ਹੈ ਜੋ ਕਿ ਇਸ ਸਾਲ ਲਈ ਮਿੱਥੀ ਗਈ ਆਮਦ ਦਾ 115 ਫ਼ੀਸਦੀ ਬਣਦਾ ਹੈ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਜ਼ਿਲ੍ਹੇ ’ਚ ਜੀਰੀ ਦੀ ਖਰੀਦ, ਚੁਕਾਈ ਅਤੇ ਅਦਾਇਗੀ ਦਾ ਮੁਲਾਂਕਣ ਕਰਨ ਲਈ ਕੀਤੀ ਮੀਟਿੰਗ ਦੌਰਾਨ ਕੀਤਾ।

ਉੁਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੀਆਂ ਮੰਡੀਆਂ ’ਚੋਂ ਉਕਤ ਖਰੀਦ ਕੀਤੀ ਗਈ ਫ਼ਸਲ ’ਚੋਂ 94 ਫ਼ੀਸਦੀ ਝੋਨਾ ਚੁੱਕ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਜ਼ਨ ਦੌਰਾਨ ਹੁਣ ਤੱਕ ਇੱਕ ਦਿਨ ’ਚ ਮੰਡੀਆਂ ’ਚੋਂ ਸਭ ਤੋਂ ਵਧੇਰੇ ਲਿਫ਼ਟਿੰਗ 10560 ਮੀਟਿ੍ਰਕ ਟਨ ਦਰਜ ਕੀਤੀ ਗਈ ਹੈ।

ਉਨ੍ਹਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਇੱਕ-ਇੱਕ ਦਾਣਾ ਮੰਡੀਆਂ ’ਚੋਂ ਖਰੀਦਣ ਦੇ ਭਰੋਸੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸੀਜ਼ਨ ਦੀ ਨਿਰਵਿਘਨਤਾ ਲਈ ਹਰ ਸਮੇਂ ਤਤਪਰ ਰਿਹਾ ਅਤੇ ਹੁਣ ਤੱਕ ਕਿਸਾਨਾਂ ਦੇ ਖਾਤਿਆਂ ’ਚ 428.63 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਜੋ ਕਿ 103 ਫ਼ੀਸਦੀ ਬਣਦੀ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਿਵੇਂ ਕਿ ਜ਼ਿਲ੍ਹੇ ’ਚ ਮਿੱਥੇ ਟੀਚੇ ਦੇ ਮੁਕਾਬਲੇ 115 ਫ਼ੀਸਦੀ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ, ਇਸ ਲਈ ਹੁਣ ਬਾਹਰੀ ਰਾਜਾਂ ਦਾ ਝੋਨਾ (Paddy) ਪੰਜਾਬ ਦੀਆਂ ਮੰਡੀਆਂ ’ਚ ਆ ਕੇ ਵਿਕਣ ਦੇ ਖਦਸ਼ੇ ਨੂੰ ਰੋਕਣ ਲਈ ਜ਼ਿਲ੍ਹੇ ’ਦੇ 11 ਆਰਜ਼ੀ ਫੜ੍ਹ/ਮੰਡੀਆਂ ਨੂੰ 2 ਨਵੰਬਰ ਦੀ ਸ਼ਾਮ 5 ਵਜੇ ਤੋਂ ਬਾਅਦ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਪਰ ਜ਼ਿਲ੍ਹੇ ਦੀਆਂ 8 ਮੇਨ ਮੰਡੀਆਂ ’ਚ ਸਰਕਾਰੀ ਖਰੀਦ ਜਾਰੀ ਰਹੇਗੀ ਅਤੇ ਜੇਕਰ ਕੋਈ ਕਿਸਾਨ ਆਪਣੀ ਫ਼ਸਲ ਲੈ ਕੇ ਆਉਣਾ ਚਾਹੁੰਦਾ ਹੈ ਤਾਂ ਉਹ ਨੇੜਲੀ ਮੇਨ ਮੰਡੀ ’ਚ ਲਿਜਾ ਸਕਦਾ ਹੈ।

ਜਿਨ੍ਹਾਂ ਆਰਜ਼ੀ ਮੰਡੀਆਂ/ਫੜ੍ਹਾਂ ਨੂੰ ਬੰਦ ਕੀਤਾ ਜਾਣਾ ਹੈ, ਉੁਨ੍ਹਾਂ ’ਚ ਰੁੜਕੀ, ਦਾਊਂ ਮਾਜਰਾ, ਭਾਗੋ ਮਾਜਰਾ, ਸਨੇਟਾ, ਅਮਲਾਲਾ, ਨਗਲਾ, ਸਮਗੌਲੀ, ਟਿਵਾਣਾ, ਤਸਿੰਬਲੀ, ਜੜੌਤ ਅਤੇ ‘ਯਾਰਡ ਆਫ਼ ਅਸ਼ੋਕ ਬੱਤਰਾ’ ਸ਼ਾਮਿਲ ਹਨ।

ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਤਿੰਨਾਂ ਸਬ ਡਵੀਜ਼ਨਾਂ ਦੇ ਐਸ ਡੀ ਐਮਜ਼ ਨੂੰ ਹਦਾਇਤ ਕੀਤੀ ਕਿ ਉਹ ਸ਼ੈਲਰਾਂ ਦਾ ਦੌਰਾ ਕਰਕੇ ਉੱਥੇ ਪਏ ਸਟਾਕ ਦੀ ਭੌਤਿਕ ਵੈਰੀਫ਼ਿਕੇਸ਼ਨ ਕਰਨ ਤਾਂ ਜੋ ਸਟੋਰ ਕੀਤੇ ਝੋਨੇ ਅਤੇ ਸਟਾਕ ਦਾ ਮਿਲਾਣ ਹੋ ਸਕੇ।

ਮੀਟਿੰਗ ’ਚ ਏ ਡੀ ਸੀ (ਜ) ਵਿਰਾਜ ਐਸ ਤਿੜਕੇ, ਐਸ ਡੀ ਐਮ ਮੋਹਾਲੀ ਚੰਦਰਜੋਤੀ ਸਿੰਘ, ਐਸ ਡੀ ਐਮ ਖਰੜ ਗੁਰਬੀਰ ਸਿੰਘ ਕੋਹਲੀ, ਐਸ ਡੀ ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਫ਼ੀਲਡ ਅਫ਼ਸਰ ਮੁੱਖ ਮੰਤਰੀ ਇੰਦਰਪਾਲ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਡਾ. ਨਵਰੀਤ ਅਤੇ ਵੱਖ-ਵੱਖ ਏਜੰਸੀਆਂ ਦੇ ਨੁਮਾਇੰਦੇ ਮੌਜੂਦ ਸਨ।

Scroll to Top