ਚੰਡੀਗੜ੍ਹ, 03 ਅਕਤੂਬਰ 2023: ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ‘ਚ ਮਹਿੰਗਾਈ (inflation) ਆਪਣੇ ਸਿਖਰ ‘ਤੇ ਪਹੁੰਚ ਗਈ ਹੈ, ਜਿਸ ਨੇ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਹਾਲਾਤ ਇਹ ਬਣ ਗਏ ਹਨ ਕਿ ਪਾਕਿਸਤਾਨ ਵਿੱਚ ਇੱਕ ਮਸ਼ਹੂਰ ਫੂਡ ਚੇਨ ਰੈਸਟੋਰੈਂਟ ਨੂੰ ਤਿੰਨ ਇੰਚ ਦੇ ਸੈਂਡਵਿਚ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਦੱਸ ਦਈਏ ਕਿ ਇਹ ਫੂਡ ਚੇਨ ਦੁਨੀਆ ‘ਚ ਕਿਤੇ ਵੀ ਤਿੰਨ ਇੰਚ ਦੇ ਸੈਂਡਵਿਚ ਨਹੀਂ ਵੇਚਦੀ ਪਰ ਪਾਕਿਸਤਾਨ ‘ਚ ਮਹਿੰਗਾਈ ਵਧਣ ਕਾਰਨ ਇਸ ਨੂੰ ਤਿੰਨ ਇੰਚ ਦੇ ਸੈਂਡਵਿਚ ਵੇਚਣ ਲਈ ਮਜ਼ਬੂਰ ਹੋਣਾ ਪਿਆ ਹੈ।
ਸਤੰਬਰ ਮਹੀਨੇ ‘ਚ ਪਾਕਿਸਤਾਨ ‘ਚ ਮਹਿੰਗਾਈ (inflation) ਦਰ ਵਧ ਕੇ 31.4 ਫੀਸਦੀ ਹੋ ਗਈ ਹੈ। ਅਗਸਤ ‘ਚ ਇਹ 27.4 ਫੀਸਦੀ ਸੀ। ਦਰਅਸਲ, ਪੈਟਰੋਲ, ਡੀਜ਼ਲ ਅਤੇ ਊਰਜਾ ਦੀਆਂ ਕੀਮਤਾਂ ਵਧਣ ਕਾਰਨ ਪਾਕਿਸਤਾਨ ਵਿੱਚ ਮਹਿੰਗਾਈ ਦਰ ਵਧੀ ਹੈ। ਪਾਕਿਸਤਾਨ ਹਾਲ ਹੀ ਵਿਚ ਦੀਵਾਲੀਏਪਣ ਦੀ ਕਗਾਰ ‘ਤੇ ਸੀ ਪਰ IMF ਨੇ ਪਿਛਲੇ ਜੁਲਾਈ ਵਿਚ ਉਸ ਨੂੰ ਤਿੰਨ ਅਰਬ ਡਾਲਰ ਦਾ ਪੈਕੇਜ ਦੇ ਕੇ ਦੀਵਾਲੀਆਪਨ ਤੋਂ ਬਚਾ ਲਿਆ ਸੀ।
ਆਮ ਆਦਮੀ ਦੇ ਰਹਿਣ ਦੇ ਹਲਾਤ
ਪਾਕਿਸਤਾਨ ਦੇ ਲੋਕ ਪਹਿਲਾਂ ਹੀ ਮਾੜੀ ਆਰਥਿਕ ਹਾਲਤ ਕਾਰਨ ਦੁਖੀ ਸਨ, ਹੁਣ ਵਧਦੀ ਮਹਿੰਗਾਈ ਨੇ ਉਨ੍ਹਾਂ ਦਾ ਲੱਕ ਤੋੜ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਵਿੱਚ ਤੇਲ ਅਤੇ ਗੈਸ ਰੈਗੂਲੇਟਰੀ ਅਥਾਰਟੀ ਨੇ ਐਲਪੀਜੀ ਦੀ ਕੀਮਤ ਵਿੱਚ 20.86 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਹੈ, ਜਿਸ ਤੋਂ ਬਾਅਦ ਉੱਥੇ ਐਲਪੀਜੀ 260.98 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਇਸ ਦੇ ਨਾਲ ਹੀ ਘਰੇਲੂ ਸਿਲੰਡਰ ਦੀ ਕੀਮਤ 3079.64 ਰੁਪਏ ਹੋ ਗਈ ਹੈ।
ਹਾਲਾਂਕਿ IMF ਨੇ ਪਾਕਿਸਤਾਨ ‘ਤੇ ਕਈ ਸਖਤ ਸ਼ਰਤਾਂ ਲਗਾਈਆਂ ਹਨ, ਜਿਨ੍ਹਾਂ ‘ਚੋਂ ਇਕ ਸ਼ਰਤ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਦੀ ਸੀ। ਜਿਸ ਕਾਰਨ ਪਾਕਿਸਤਾਨ ਸਰਕਾਰ ਨੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਅਤੇ ਨਤੀਜੇ ਵਜੋਂ ਮਈ ਮਹੀਨੇ ਵਿੱਚ 38.0 ਫੀਸਦੀ ਮਹਿੰਗਾਈ (inflation) ਦਰ ਰਿਕਾਰਡ ਕੀਤੀ ਗਈ। ਉੱਥੇ ਵਿਆਜ ਦਰ ਵੀ 22 ਫੀਸਦੀ ਦੇ ਉੱਚੇ ਪੱਧਰ ‘ਤੇ ਪਹੁੰਚ ਗਈ ਹੈ।
ਪਾਕਿਸਤਾਨੀ ਰੁਪਏ ਦੀ ਕੀਮਤ ਵਿੱਚ ਗਿਰਾਵਟ
ਪਾਕਿਸਤਾਨੀ ਰੁਪਏ ਦੀ ਡਿੱਗਦੀ ਕੀਮਤ ਨੇ ਵੀ ਉਨ੍ਹਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਹਾਲਾਂਕਿ ਅਗਸਤ ‘ਚ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚਣ ਤੋਂ ਬਾਅਦ ਸਤੰਬਰ ‘ਚ ਪਾਕਿਸਤਾਨੀ ਰੁਪਏ ਦੀ ਹਾਲਤ ‘ਚ ਥੋੜ੍ਹਾ ਸੁਧਾਰ ਹੋਇਆ ਹੈ। ਪਾਕਿਸਤਾਨ ਦੇ ਵਿੱਤ ਮੰਤਰਾਲੇ ਨੇ ਆਪਣੀ ਮਹੀਨਾਵਾਰ ਰਿਪੋਰਟ ‘ਚ ਕਿਹਾ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਤੱਕ ਮਹਿੰਗਾਈ ਦਰ 29-31 ਫੀਸਦੀ ਦੇ ਕਰੀਬ ਰਹੇਗੀ ਅਤੇ ਅਗਲੇ ਸਾਲ ਦੀ ਸ਼ੁਰੂਆਤ ‘ਚ ਇਸ ‘ਚ ਕੁਝ ਰਾਹਤ ਮਿਲ ਸਕਦੀ ਹੈ।