Pakistan

ਪਾਕਿਸਤਾਨ ‘ਚ ਭਾਰੀ ਬਾਰਿਸ਼ ਤੇ ਹੜ੍ਹਾਂ ਨਾਲ ਜੂਝ ਰਹੇ ਸੂਬਿਆਂ ‘ਚ ਬਚਾਅ ਕਾਰਜਾਂ ਲਈ ਫੌਜ ਤਾਇਨਾਤ

ਚੰਡੀਗੜ੍ਹ 27 ਅਗਸਤ 2022: ਪਾਕਿਸਤਾਨ (Pakistan) ਦੇ ਬਲੋਚਿਸਤਾਨ (Balochistan) ਸੂਬੇ ‘ਚ ਭਾਰੀ ਮਾਨਸੂਨ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ | ਇਸਦੇ ਨਾਲ ਹੀ ਸਿੰਧ ਅਤੇ ਬਲੋਚਿਸਤਾਨ ਵਿੱਚ ਹੜ੍ਹਾਂ ਕਾਰਨ ਪਾਕਿਸਤਾਨ ਦਾ ਬੁਰਾ ਹਾਲ ਹੈ |ਇੱਕ ਦਹਾਕੇ ਤੋਂ ਭਿਆਨਕ ਹੜ੍ਹਾਂ ਨਾਲ ਜੂਝ ਰਹੇ ਪਕਿਸਤਾਨ ਦੇ ਕਈ ਸੂਬਿਆਂ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਮਦਦ ਲਈ ਫੌਜ ਨੂੰ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਫੌਜ ਨੂੰ ਪ੍ਰਭਾਵਿਤ ਇਲਾਕਿਆਂ ‘ਚ ਮਦਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਹੜ੍ਹ ਨਾਲ 3.30 ਕਰੋੜ ਲੋਕ ਪ੍ਰਭਾਵਿਤ ਹੋਏ ਹਨ।ਪਾਕਿਸਤਾਨ ‘ਚ ਹੜ੍ਹ ਕਾਰਨ ਹੁਣ ਤੱਕ 982 ਜਣਿਆਂ ਦੀ ਮੌਤ ਹੋ ਚੁੱਕੀ ਹੈ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐਨਡੀਐਮਏ) ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 45 ਜਣਿਆਂ ਦੀ ਮੌਤ ਹੋ ਗਈ ਹੈ। ਪਿਛਲੇ 24 ਘੰਟਿਆਂ ‘ਚ 113 ਜਣੇ ਜ਼ਖਮੀ ਹੋਏ ਹਨ। ਇਸ ਨਾਲ ਜ਼ਖਮੀਆਂ ਦੀ ਗਿਣਤੀ 1,456 ਹੋ ਗਈ ਹੈ।

ਸਿੰਧ ਅਤੇ ਬਲੋਚਿਸਤਾਨ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇੱਥੇ ਭਾਰੀ ਤਬਾਹੀ ਹੋਈ ਹੈ। ਪਾਕਿਸਤਾਨ ਰੇਲਵੇ ਨੇ ਦੋਵਾਂ ਸੂਬਿਆਂ ਦੇ ਕਈ ਇਲਾਕਿਆਂ ‘ਚ ਰੇਲਗੱਡੀਆਂ ਰੋਕ ਦਿੱਤੀਆਂ ਹਨ। ਇਸ ਦੇ ਨਾਲ ਹੀ ਪਾਕਿਸਤਾਨ (Pakistan) ਇੰਟਰਨੈਸ਼ਨਲ ਏਅਰਲਾਈਨਜ਼ ਨੇ ਖ਼ਰਾਬ ਮੌਸਮ ਕਾਰਨ ਸ਼ੁੱਕਰਵਾਰ ਨੂੰ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਲਈ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ।

ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਕਿਹਾ ਕਿ ਫੌਜ ਨੂੰ ਸੰਵਿਧਾਨ ਦੀ ਧਾਰਾ 245 ਤਹਿਤ ਬੁਲਾਇਆ ਗਿਆ ਹੈ। ਇਹ ਸਰਕਾਰ ਨੂੰ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਸਥਾਨਕ ਪ੍ਰਸ਼ਾਸਨ ਦੀ ਮਦਦ ਕਰੇਗਾ। ਹੜ੍ਹਾਂ ਨੇ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਐਨਡੀਐਮਏ ਨੇ ਦੱਸਿਆ ਕਿ ਹੜ੍ਹਾਂ ਵਿੱਚ 3,161 ਕਿਲੋਮੀਟਰ ਤੋਂ ਵੱਧ ਸੜਕਾਂ ਨੁਕਸਾਨੀਆਂ ਗਈਆਂ ਅਤੇ 149 ਪੁਲ ਵਹਿ ਗਏ ਹਨ । ਪਾਕਿਸਤਾਨ ‘ਚ 110 ਜ਼ਿਲ੍ਹਿਆਂ ਵਿੱਚ, 57 ਲੱਖ ਤੋਂ ਵੱਧ ਨਾਗਰਿਕ ਭੋਜਨ ਅਤੇ ਆਸਰਾ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ।

Scroll to Top