July 4, 2024 11:44 pm
Moga

ਮੋਗਾ ‘ਚ ਅਰਸ਼ ਡੱਲੇ ਦੇ ਨਾਂ ‘ਤੇ ਕੱਪੜਾ ਵਪਾਰੀ ਤੋਂ ਫਿਰੌਤੀ ਮੰਗਣ ਆਏ ਦੋ ਨੌਜਵਾਨ ਕਾਬੂ, ਇੱਕ ਫ਼ਰਾਰ

ਮੋਗਾ, 5 ਅਕਤੂਬਰ 2023: ਪੰਜਾਬ ‘ਚ ਅਕਸਰ ਹੀ ਲੁੱਟ-ਖੋਹ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ | ਹਰ ਰੋਜ਼ ਪੰਜਾਬ ਦੇ ਕਿਸੇ ਨਾ ਕਿਸੇ ਇਲਾਕੇ ‘ਚੋਂ ਕੋਈ ਨਾ ਕੋਈ ਘਟਨਾ ਸੁਣਨ ਨੂੰ ਮਿਲ ਰਹੀ ਹੈ | ਤਾਜ਼ਾ ਮਾਮਲਾ ਹੁਣ ਮੋਗਾ (Moga) ਦੇ ਪਾਸ਼ ਇਲਾਕੇ ‘ਚ ਸਥਿਤ ਕੈਂਪ ਕੱਪੜਾ ਮੰਡੀ ਦਾ ਸਾਹਮਣੇ ਆਇਆ ਹੈ, ਜਿੱਥੇ ਅੱਜ ਤਿੰਨ ਨੌਜਵਾਨ ਮਸ਼ਹੂਰ ਕੱਪੜਾ ਵਪਾਰੀ ਜੱਗੀ ਬੱਗੀ ਦੀ ਦੁਕਾਨ ‘ਤੇ ਆਏ ਅਤੇ ਜੱਗੀ ਬੱਗੀ ਦੀ ਦੁਕਾਨ ‘ਤੇ ਬੈਠੇ ਮਾਲਕ ਨੂੰ ਕਿਹਾ ਕਿ ਗੈਂਗਸਟਰ ਅਰਸ਼ ਡੱਲਾ ਨੇ ਸਾਨੂੰ ਭੇਜਿਆ ਹੈ ਅਤੇ ਤੁਸੀਂ ਅਰਸ਼ ਡੱਲੇ ਨਾਲ ਫੋਨ ‘ਤੇ ਗੱਲ ਕਰੋ।

ਜਦੋਂ ਦੁਕਾਨ ਮਾਲਕ ਅਰਸ਼ ਡੱਲੇ ਨਾਲ ਗੱਲ ਕਰਨ ਲੱਗਾ ਤਾਂ ਨੈੱਟਵਰਕ ਫੋਨ ਕਰਨ ਦੀ ਸਮੱਸਿਆ ਕਾਰਨ ਉਨ੍ਹਾਂ ਨੇ ਵਾਈ-ਫਾਈ ਕੋਡ ਪੁੱਛਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੁਲਿਸ ਦੀ ਪੀ.ਸੀ.ਆਰ ਮੁਲਾਜ਼ਮ ਜਸਵੰਤ ਸਿੰਘ ਗਸਤ ਲਈ ਉਸੇ ਬਜ਼ਾਰ ਵਿੱਚ ਆਏ ਹੋਏ ਸਨ ਤਾਂ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਜੱਗੀ ਬੱਗੀ ਦੀ ਦੁਕਾਨ ‘ਚ ਅਰਸ਼ ਡੱਲੇ ਦੇ ਨਾਂ ‘ਤੇ ਦੋ-ਤਿੰਨ ਨੌਜਵਾਨ ਫਿਰੌਤੀ ਮੰਗਣ ਆਏ ਹਨ, ਪੁਲਿਸ ਮੁਲਾਜ਼ਮਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਦੁਕਾਨ ‘ਤੇ ਖੜੇ ਤਿੰਨ ਨੌਜਵਾਨਾਂ ‘ਚੋਂ ਦੋ ਨੂੰ ਕਾਬੂ ਕਰ ਲਿਆ ਜਦਕਿ ਇੱਕ ਭੱਜਣ ‘ਚ ਕਾਮਯਾਬ ਹੋ ਗਿਆ | ਪੁਲਿਸ ਇਨ੍ਹਾਂ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ।

ਜਸਵੰਤ ਸਿੰਘ ਪੀ.ਸੀ.ਆਰ ਮੁਲਾਜ਼ਮ (Moga) ਨੇ ਮੌਕੇ ‘ਤੇ ਪਹੁੰਚ ਕੇ ਦੱਸਿਆ ਕਿ ਉਹ ਇਸ ਬਾਜ਼ਾਰ ‘ਚ ਰੁਟੀਨ ਗਸ਼ਤ ‘ਤੇ ਸਨ ਤਾਂ ਕਿਸੇ ਨੇ ਉਨ੍ਹਾਂ ਨੂੰ ਰੋਕਿਆ ਅਤੇ ਦੱਸਿਆ ਕਿ ਕੱਪੜਾ ਵਪਾਰੀ ਦੀ ਦੁਕਾਨ ‘ਤੇ ਕੁਝ ਨੌਜਵਾਨ ਉਸ ਨੂੰ ਧਮਕੀਆਂ ਦੇ ਰਹੇ ਹਨ, ਮੈਂ ਤੁਰੰਤ ਜਾ ਕੇ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਤੀਜਾ ਨੌਜਵਾਨ ਭੱਜਣ ਵਿੱਚ ਕਾਮਯਾਬ ਹੋ ਗਿਆ।ਮੈਂ ਇਕੱਲਾ ਸੀ ਇਸ ਲਈ ਮੈਂ ਦੋ ਨੌਜਵਾਨਾਂ ਨੂੰ ਫੜ ਲਿਆ।ਉਹ ਅਰਸ਼ ਡੱਲਾ ਦੇ ਨਾਂ ਤੇ ਫੋਨ ‘ਤੇ ਗੱਲਾਂ ਕਰਵਾ ਰਹੇ ਸਨ। ਦੂਜੇ ਪਾਸੇ ਉਕਤ ਦੁਕਾਨ ਦਾ ਮਾਲਕ ਅਤੇ ਉਸ ਦਾ ਕੋਈ ਵੀ ਕਰਮਚਾਰੀ ਵੱਲੋਂ ਬਿਆਨ ਨਹੀਂ ਆਇਆ |