Moga

ਮੋਗਾ ‘ਚ ਬਦਮਾਸ਼ਾਂ ਨੇ ਦਿਨ ਦਿਹਾੜੇ ਇਕ ਜਵੈਲਰ ਦਾ ਗੋਲੀ ਮਾਰ ਕੇ ਕੀਤਾ ਕਤਲ

ਚੰਡੀਗੜ੍ਹ, 12 ਜੂਨ 2023: ਮੋਗਾ (Moga) ਦੀ ਰਾਮਗੰਜ ਮੰਡੀ ‘ਚ ਸੋਮਵਾਰ ਦੁਪਹਿਰ 5 ਬਦਮਾਸ਼ਾਂ ਨੇ ਦਿਨ ਦਿਹਾੜੇ ਇਕ ਜਵੈਲਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ । ਉਕਤ ਨੌਜਵਾਨ ਗ੍ਰਾਹਕ ਬਣ ਕੇ ਸ਼ੋਅਰੂਮ ਵਿੱਚ ਆਏ ਸੀ। ਲੁੱਟੇ ਗਏ ਸੋਨੇ ਦੀ ਰਕਮ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਪਰ ਉਦੋਂ ਤੱਕ ਲੁਟੇਰੇ ਫ਼ਰਾਰ ਹੋ ਚੁੱਕੇ ਸਨ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਗੁੱਸੇ ਵਿੱਚ ਆਏ ਦੂਜੇ ਦੁਕਾਨਦਾਰਾਂ ਨੇ ਧਰਨਾ ਦਿੱਤਾ ਹੈ ।

ਸੋਮਵਾਰ ਦੁਪਹਿਰ 2.15 ਵਜੇ ਰਾਮਗੰਜ ਸਥਿਤ ਏਸ਼ੀਆ ਜਵੈਲਰਜ਼ ‘ਚ 5 ਬਦਮਾਸ਼ ਗ੍ਰਾਹਕ ਬਣ ਕੇ ਆਏ। ਇੱਥੇ ਉਨ੍ਹਾਂ ਨੇ ਸੋਨੇ ਦੇ ਗਹਿਣੇ ਦਿਖਾਉਣ ਲਈ ਕਿਹਾ। ਜਵੈਲਰ ਵਿੱਕੀ ਨੇ ਉਨ੍ਹਾਂ ਨੂੰ ਗਹਿਣੇ ਦਿਖਾਏ। ਇਸ ਤੋਂ ਬਾਅਦ ਉਨ੍ਹਾਂ ਨੇ ਬਿੱਲ ਤਿਆਰ ਕਰਨ ਲਈ ਕਿਹਾ, ਜਦੋਂ ਵਿੱਕੀ ਬਿੱਲ ਬਣਾਉਣ ਲਈ ਮੁੜਿਆ ਤਾਂ ਪੈਸੇ ਦੇਣ ਦੀ ਬਜਾਏ ਲੁਟੇਰਿਆਂ ਨੇ ਵਿੱਕੀ ਨੂੰ ਗੋਲੀ ਮਾਰ ਦਿੱਤੀ। ਗੋਲੀ ਦੀ ਆਵਾਜ਼ ਸੁਣਦੇ ਹੀ ਬਾਜ਼ਾਰ ‘ਚ ਹਫੜਾ-ਦਫੜੀ ਮੱਚ ਗਈ। ਆਸ-ਪਾਸ ਦੇ ਦੁਕਾਨਦਾਰ ਅਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਇਹ ਦੇਖ ਕੇ ਲੁਟੇਰੇ ਆਪਣੇ ਪਸੰਦ ਦੇ ਗਹਿਣੇ ਲੈ ਕੇ ਭੱਜ ਗਏ।

ਪੁਲਿਸ ਜਾਂਚ ਅਨੁਸਾਰ ਜਵੈਲਰ ਵਿੱਕੀ ਨੇ ਬਦਮਾਸ਼ਾਂ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕੀਤੀ। ਲੁਟੇਰਿਆਂ ‘ਤੇ ਜਵਾਬੀ ਗੋਲੀਬਾਰੀ ਕਰਨ ਲਈ ਉਸ ਨੇ ਆਪਣੀ ਪਿਸਤੌਲ ਕੱਢ ਲਈ, ਪਰ ਲੁਟੇਰਿਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਹ ਜਵਾਬੀ ਹਮਲਾ ਕਰਨ ‘ਚ ਸਫਲ ਨਹੀਂ ਹੋ ਸਕਿਆ। ਸਥਾਨਕ ਐਸਐਸਪੀ ਨੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਲੁੱਟ ਦੀ ਨੀਅਤ ਨਾਲ ਆਏ ਸਾਰੇ ਬਦਮਾਸ਼ਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Scroll to Top