July 5, 2024 8:01 pm
ਗੁਰਦੁਆਰਾ ਰੋੜ੍ਹੀ ਸਾਹਿਬ

ਲਹਿੰਦੇ ਪੰਜਾਬ ‘ਚ ਭਾਰੀ ਕਾਰਨ ਸ੍ਰੀ ਗੁਰੂ ਨਾਨਕ ਸਾਹਿਬ ਦੀ ਚਰਣਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸਾਹਿਬ ਨੂੰ ਨੁਕਸਾਨ ਪੁੱਜਿਆ

ਚੰਡੀਗੜ੍ਹ, 10 ਜੁਲਾਈ 2023: ਲਹਿੰਦੇ ਪੰਜਾਬ ‘ਚ ਭਾਰੀ ਕਾਰਨ ਸ੍ਰੀ ਗੁਰੂ ਨਾਨਕ ਸਾਹਿਬ ਦੀ ਚਰਣਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸਾਹਿਬ ਰੋੜੀ ਸਾਹਿਬ ਨੂੰ ਨੁਕਸਾਨ ਪੁੱਜਿਆ ਹੈ | ਇਹ ਇੱਕ ਵਿਰਾਸਤੀ ਇਮਾਰਤ ਸੀ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਇਸ ਵੇਲੇ ਖਸਤਾ ਹਾਲਤ ਵਿੱਚ ਸੀ | ਇਸ ਸੰਬੰਧੀ ਪਰਗਟ ਸਿੰਘ, ਜੀਵੇ ਸਾਂਝਾ ਪੰਜਾਬ ਨੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਇਹ ਦੋ ਤਸਵੀਰਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਚਰਣਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਰੋੜ੍ਹੀ ਸਾਹਿਬ, ਪਿੰਡ ਜਾਹਮਣ, ਲਾਹੌਰ ਦੀਆਂ ਹਨ । ਪਹਿਲੀ ਤਸਵੀਰ ਇੱਕ ਸਾਲ ਪਹਿਲਾਂ ਦੀ ਹੈ, ਦੂਜੀ ਅੱਜ ਦੀ। ਇਹ ਇਮਾਰਤ ਪੰਜਾਬ ਦੀ ਵੰਡ ਮਗਰੋਂ ਖੰਡਹਰ ਬਣੀ ਵੀਰਾਨ ਪਈ ਹੋਈ, ਸਾਲ ਦਰ ਸਾਲ ਡਿੱਗਦੀ ਜਾ ਰਹੀ ਸੀ। ਸ਼ਾਇਦ ਉਡੀਕਦੀ ਹੋਵੇ ਆਪਣੇ ਵਾਰਿਸਾਂ ਨੂੰ। ਪਰ ਉਹ ਇੱਕ ਵਾਰੀ ਗਏ, ਮੁੜ ਕੇ ਕਦੇ ਨਾ ਆਏ। ਪਿਛਲੇ ਕੁੱਝ ਦਿਨਾਂ ਤੋਂ ਪੈਂਦੇ ਮੀਂਹ ਨੂੰ ਇਹ ਇਮਾਰਤ ਹੋਰ ਨਾ ਝੱਲ ਸਕੀ ਅਤੇ ਪਰਸੋਂ ਇਹ ਢਹਿ-ਢੇਰੀ ਗਈ। ਸਰਕਾਰਾਂ ਨੂੰ ਕਾਹਦਾ ਦੋਸ਼? ਉਹ ਸਾਂਭਣਗੀਆਂ ਵੀ ਕਿਉਂ, ਇੱਕ ਵਾਰੀ ਠੀਕ ਕਰਾ ਵੀ ਦਿੰਦਿਆਂ ਤਾਂ ਵੀ ਸਾਂਭ ਸੰਭਾਲ ਕਿਸ ਨੇ ਕਰਨੀ ਸੀ? ਮੂੰਹ ਤੇ ਅਸੀਂ ਆਪ ਮੋੜੀ ਬੈਠੇ ਹਾਂ।

ਕਈ ਵਾਰ ਸੋਚੀਦੈ, ਇੱਕ ਖ਼ਬਰ ਆਈ ਸੀ ਕਿ ਹੁਣ ਤੋਂ ਇਹ ਧਰਤੀ ਤੁਹਾਡੇ ਨਹੀਂ, ਤੇ ਉੱਠ ਕੇ ਤੁਰ ਕਿਵੇਂ ਆਏ ਉਹ ਧਰਤੀ ਛੱਡ ਕੇ ਜਿਸ ਲਈ ਵੱਡਿਆਂ ਨੇ ਮਣਾਮੂੰਹੀ ਲਹੂ ਡੋਲ੍ਹਿਆ ਸੀ। ਆਪੇ ਛੱਡ ਕੇ ਆਏ ਸੀ ਇਹ ਅਸਥਾਨ ਅਸੀਂ, ਤੇ ਫ਼ਿਰ ਹੁਣ ਕੀਹਨੂੰ ਦੋਸ਼ ਦੇਣਾ? ਚੁੱਪ ਕਰਕੇ ਸਭ ਛੱਡ ਆਉਣ ਨਾਲੋਂ ਕਿਤੇ ਲੜ ਮਰ ਕੇ ਮੁੱਕ ਗਏ ਹੁੰਦੇ ਤੇ ਚੰਗਾ ਸੀ। ਆਉਣ ਵਾਲੀਆਂ ਨਸਲਾਂ ਮੇਹਣਾ ਦੇਣਗੀਆਂ ਸਾਨੂੰ। ਅਸੀਂ ਅੱਜ ਵਾਲੇ ਵੀ ਕਸੂਰਵਾਰ ਹਾਂ। ਉਂਝ ਖੁੱਲ੍ਹੇ ਦਰਸ਼ਨ ਦੀਦਾਰ ਮੰਗਦੇ ਹਾਂ। ਪਰ ਦਰਸ਼ਨ ਦੀਦਾਰ ਦੀ ਵਾਰੀ ਇਹ ਡਰ ਲੱਗਾ ਰਹਿੰਦੈ ਕਿ ਇੱਕ ਵਾਰੀ ਉਧਰ ਦਾ ਵੀਜ਼ਾ ਲੱਗ ਗਿਆ ਤੇ ਕੈਨੇਡਾ ਦਾ ਨਹੀਂ ਲੱਗਣਾ। ਜੇ ਅਜੇ ਵੀ ਹੋਸ਼ ਨਾ ਕੀਤੀ ਤੇ ਗੁਰਦੁਆਰਾ ਝਾੜੀ ਸਾਹਿਬ, ਪਿੰਡ ਤਰਗੇ, ਗੁਰਦੁਆਰਾ ਸਾਹਿਬ ਪਹਿਲੀ ਪਾਤਸ਼ਾਹੀ ਪਿੰਡ ਮਾਣਕ, ਗੁਰਦੁਆਰਾ ਸਾਹਿਬ ਕਾਹਨਾਂ ਨਾਉ ਸਮੇਤ ਕਈ ਹੋਰ ਇਤਿਹਾਸਕ ਅਸਥਾਨਾਂ ਬਾਰੇ ਅਜਿਹੀਆਂ ਤਸਵੀਰਾਂ ਜਾਂ ਖਬਰਾਂ ਆਉਂਦੇ ਕੁਝ ਕੁ ਸਾਲਾਂ ਵਿੱਚ ਹੀ ਵੇਖੋਗੇ।

ਫ਼ਿਰ ਫੇਸਬੁੱਕ ਤੇ ਪੋਸਟਾਂ ਪਾ ਕੇ ਸਰਕਾਰਾਂ ਨੂੰ ਮਿਹਣੇ ਨਾ ਮਾਰਿਓ। ਦਰਸ਼ਨ ਦੀਦਾਰ ਕੱਲ੍ਹੇ ਮੰਗੋ ਨਾ, ਦਰਸ਼ਨ ਵਾਕਈ ਕਰਨ ਦੀ ਖ਼ਵਾਹਿਸ਼ ਵੀ ਰੱਖੋ। ਮੈਨੂੰ ਨਹੀਂ ਪਤਾ ਇਨ੍ਹਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ। ਪਰ ਜਦ ਤੱਕ ਤੁਸੀਂ ਮੂੰਹ ਮੋੜੀ ਬੈਠੇ ਰਹੋਗੇ, ਕੋਈ ਆਸ ਹੀ ਨਹੀਂ ਇਨ੍ਹਾਂ ਦੇ ਬਚਾਅ ਦੀ।ਖੌਰੇ ਤੁਸੀਂ ਮੁੜ ਪਵੋ ਤੇ ਇਨ੍ਹਾਂ ਅਸਥਾਨਾਂ ਦੀ ਉਡੀਕ ਮੁੱਕ ਜਾਵੇ, ਇਹ ਬਚ ਜਾਣ।