June 30, 2024 9:37 pm
Kotakpura

ਕੋਟਕਪੂਰਾ ਹਲਕੇ ‘ਚ ਜ਼ੁਰਮ ਨੂੰ ਕਿਸੇ ਵੀ ਹਾਲਤ ‘ਚ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ: ਕੁਲਤਾਰ ਸਿੰਘ ਸੰਧਵਾਂ

ਫ਼ਰੀਦਕੋਟ 2 ਜਨਵਰੀ 2024: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਥਾਣਾ ਸਿਟੀ ਕੋਟਕਪੂਰਾ (Kotakpura) ਦੇ ਅਧਿਕਾਰੀਆਂ/ਮੁਲਾਜ਼ਮਾਂ ਨਾਲ ਬੈਠਕ ਕੀਤੀ। ਸਪੀਕਰ ਨੇ ਕਿਹਾ ਕਿ ਉਹਨਾਂ ਦੇ ਹਲਕੇ ਵਿੱਚ ਜ਼ੁਰਮ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਜਿਸ ਲਈ ਢੁਕਵੇਂ ਅਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਪਿਛਲੇ ਕੁਝ ਮਹੀਨਿਆਂ ਦੌਰਾਨ ਜ਼ੁਰਮ ਨਾਲ ਜੁੜੀਆਂ ਘਟਨਾਵਾਂ ਨੂੰ ਮੰਦਭਾਗਾ ਕਰਾਰ ਦਿੰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਹਰ ਤਰ੍ਹਾਂ ਦੇ ਜ਼ੁਰਮ ਦੇ ਖਾਤਮੇ ਲਈ ਪੰਜਾਬ ਸਰਕਾਰ ਵਚਨਬੱਧ ਹੈ।

ਕੋਟਕਪੂਰਾ (Kotakpura) ਦੀ ਕਾਨੂੰਨ ਵਿਵਸਥਾ ਬਾਰੇ ਜਾਣਕਾਰੀ ਇਕੱਤਰ ਕਰਦਿਆਂ ਉਨ੍ਹਾਂ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਸ਼ਹਿਰ ਦੀ ਟਰੈਫਿਕ ਵਿਵਸਥਾ ਨੂੰ ਸੁਚਾਰੂ ਕਰਨ ਤੋਂ ਇਲਾਵਾ ਉਨਾਂ ਦੀ ਮੁੱਖ ਜਿੰਮੇਵਾਰੀ ਲੁੱਟਾਂ,ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣਾ ਹੈ। ਉਹਨਾਂ ਪੁਲਿਸ ਕਰਮਚਾਰੀਆਂ ਨੂੰ ਸਰਕਾਰ ਪਾਸੋਂ ਹਰ ਸੰਭਵ ਸਹਾਇਤਾ ਦੇਣ ਦਾ ਆਸਵਾਸਨ ਦਿੰਦਿਆਂ ਕਿਹਾ ਕਿ ਉਹਨਾਂ ਆਪਣੇ ਹਲਕੇ ਵਿੱਚ ਕੱਲ 5.25 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਹੈ। ਜਿਸ ਤਹਿਤ ਹਨੇਰੇ ਵਾਲੀਆਂ ਥਾਵਾਂ ਵਿੱਚ ਰੋਸ਼ਨੀ ਕੀਤੀ ਜਾਵੇਗੀ ਅਤੇ ਗਲੀਆਂ, ਨਾਲੀਆਂ, ਸੜਕਾਂ ਨੂੰ ਵੀ ਪੱਕਾ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸ਼ਹਿਰ ਚ ਹਾਈ ਡੈਫੀਨੇਸ਼ਨ ਸੀ.ਸੀ.ਟੀ.ਵੀ ਕੈਮਰੇ ਲਗਾਉਣ ਦੀ ਹਦਾਇਤ ਜਾਰੀ ਕਰ ਦਿੱਤੀ ਹੈ।

ਉਹਨਾਂ ਪੁਲਿਸ ਕਰਮਚਾਰੀਆਂ ਦੇ ਸੁਝਾਅ ਵੀ ਨੋਟ ਕੀਤੇ ਅਤੇ ਉਹਨਾਂ ਨੂੰ ਤਕੜੇ ਹੋ ਕੇ ਹਰ ਛੋਟੇ ਵੱਡੇ ਜ਼ੁਰਮ ਨੂੰ ਖਤਮ ਕਰਨ ਲਈ ਹੱਲਾਸ਼ੇਰੀ ਦਿੱਤੀ। ਉਹਨਾਂ ਕਿਹਾ ਕਿ ਜ਼ੁਰਮ ਕਰਨ ਵਾਲੇ ਅਪਰਾਧੀਆਂ ਤੋਂ ਪੁਲਿਸ ਨੂੰ ਦੋ ਕਦਮ ਅੱਗੇ ਹੋ ਕੇ ਰਹਿਣਾ ਪਵੇਗਾ ਤਾਂ ਜੋ ਅਪਰਾਧੀ ਪ੍ਰਵਿਰਤੀ ਦੇ ਲੋਕਾਂ ਨੂੰ ਨੱਥ ਪਾਈ ਜਾ ਸਕੇ। ਉਹਨਾਂ ਕਿਹਾ ਕਿ ਪੁਲਿਸ ਨੂੰ ਆਪਸੀ ਸੰਚਾਰ ਦਾ ਮਾਧਿਅਮ ਹੋਰ ਜਿਆਦਾ ਦਰੁਸਤ ਕਰਨਾ ਪਵੇਗਾ ਤਾਂ ਜੋ ਕਿਸੇ ਵੀ ਕਿਸਮ ਦੇ ਜ਼ੁਰਮ ਦੀ ਸੂਚਨਾ ਮਿਲਦਿਆਂ ਹੀ ਬਿਨਾਂ ਸਮਾਂ ਗਵਾਏ ਫੌਰੀ ਤੌਰ ਤੇ ਜਿਸ ਇਲਾਕੇ ਵਿੱਚ ਘਟਨਾ ਵਾਪਰੀ ਹੈ ਉਸ ਦੀ ਨਾਕਾਬੰਦੀ ਕੀਤੀ ਜਾ ਸਕੇ ਅਤੇ ਮੁਜਰਮਾਂ ਦੀ ਧੜ ਪਕੜ ਕੀਤੀ ਜਾ ਸਕੇ।

ਇਸ ਮੌਕੇ ਡੀ.ਐਸ.ਪੀ ਸ. ਸ਼ਮਸ਼ੇਰ ਸਿੰਘ ਸ਼ੇਰਗਿੱਲ, ਐਸ.ਐਚ.ਓ ਮਨੋਜ ਕੁਮਾਰ,ਐਸ.ਆਈ. ਹਰਪ੍ਰੀਤ ਸਿੰਘ, ਏ.ਐਸ.ਆਈ ਜਸਵੰਤ ਸਿੰਘ, ਏ.ਐਸ.ਆਈ ਨਗਿੰਦਰ ਸਿੰਘ ਅਤੇ ਹੋਰ ਸਟਾਫ ਹਾਜ਼ਰ ਸੀ।