ਖੰਨਾ, 28 ਫਰਵਰੀ 2023: ਖੰਨਾ (Khanna) ਵਿਖੇ ਭਾਜਪਾ ਮਹਿਲਾ ਵਿੰਗ ਪੰਜਾਬ ਦੀ ਮੀਤ ਪ੍ਰਧਾਨ ਮਨੀਸ਼ ਸੂਦ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਤਿੰਨ ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਫਿਰੌਤੀ ਮੰਗਣ ਵਾਲੇ ਦੀ ਪਛਾਣ ਲੁਧਿਆਣਾ ਦੇ ਰਜਨੀਸ਼ ਸ਼ਰਮਾ ਵਜੋਂ ਹੋਈ ਹੈ। ਇਸ ਮਾਮਲੇ ਵਿਚ ਵਰਤਿਆ ਗਿਆ ਸਿਮ ਵੀ ਫਰਜ਼ੀ ਨਿਕਲਿਆ ਹੈ ਜੋ ਕਿਸੇ ਹੋਰ ਦੇ ਨਾਂ ’ਤੇ ਸੀ। ਪੁਲਿਸ ਦੇ ਮੁਤਾਬਕ ਰਾਜਨੀਸ਼ ਖਿਲਾਫ ਪਹਿਲਾਂ ਹੀ ਲੁਧਿਆਣਾ ਵਿਚ 5 ਮੁਕੱਦਮੇ ਦਰਜ ਹਨ।
ਇਸ ਮੌਕੇ ਖੰਨਾ (Khanna) ਦੇ ਐਸਐਸਪੀ ਅਮਨੀਤ ਕੋਂਡਲ ਨੇ ਦੱਸਿਆ ਕਿ ਖੰਨਾ ਵਿਚ ਭਾਜਪਾ ਦੀ ਮਹਿਲਾ ਆਗੂ ਮਨੀਸ਼ ਸੂਦ ਨੂੰ ਧਮਕੀ ਦੇ ਕੇ ਤਿੰਨ ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਪੁਲਿਸ ਨੇ ਮਨੀਸ਼ਾ ਦੇ ਪਤੀ ਅਜੈ ਸੂਦ ਦੇ ਬਿਆਨਾਂ ਦੇ ਆਧਾਰ ’ਤੇ ਐਫਆਈਆਰ ਦਰਜ ਕੀਤੀ ਸੀ। ਇਸਤੋਂ ਬਾਅਦ ਜਾਂਚ ਦੌਰਾਨ ਰਜਨੀਸ਼ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ।
ਦੱਸਿਆ ਜਾ ਰਿਹਾ ਹੈ ਕਿ ਰਜਨੀਸ਼ ਸ਼ਰਮਾ ਇਕ ਕੁੜੀ ਨੂੰ ਇਕਪਾਸੜ ਪਿਆਰ ਕਰਦਾ ਸੀ ਤੇ ਕਾਫੀ ਸਮੇਂ ਤੋਂ ਕੁੜੀ ਨੂੰ ਤੰਗ ਪ੍ਰੇਸ਼ਾਨ ਵੀ ਕਰਦਾ ਸੀ। ਕੁੜੀ ਦੇ ਪਰਿਵਾਰ ਵਾਲਿਆਂ ਨੇ ਰਜਨੀਸ਼ ਖਿਲਾਫ 5 ਕੇਸ ਦਰਜ ਕਰਵਾਏ ਹਨ। ਇਸਦਾ ਬਦਲਾ ਲੈਣ ਲਈ ਰਜਨੀਸ਼ ਨੇ ਕੁੜੀ ਦੇ ਭਰਾ ਦਾ ਗੂਗਲ ਪੇ ਸਕੈਨਰ ਭਾਜਪਾ ਆਗੂ ਨੂੰ ਭੇਜ ਕੇ ਧਮਕੀ ਦਿੰਦਿਆਂ ਫਿਰੌਤੀ ਮੰਗੀ। ਐਸ ਐਸ ਪੀ ਨੇ ਦੱਸਿਆ ਕਿ ਮੋਗਾ ਤੇ ਲੁਧਿਆਣਾ ਵਿਚ ਪਹਿਲਾਂ ਵੀ ਇਸ ਤਰੀਕੇ ਫਿਰੌਤੀ ਮੰਗਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।