ਚੰਡੀਗੜ੍ਹ, 18 ਦਸੰਬਰ 2023: ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ‘ਚ ਸੋਮਵਾਰ ਦੁਪਹਿਰ ਨੂੰ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਜੰਮੂ, ਸ੍ਰੀਨਗਰ, ਪੁੰਛ, ਕਿਸ਼ਤਵਾੜ ਸਮੇਤ ਸੂਬੇ ਦੇ ਕਈ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਕਿ ਰਿਕਟਰ ਪੈਮਾਨੇ ‘ਤੇ 5.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਨ ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਇਸ ਦਾ ਕੇਂਦਰ ਲੱਦਾਖ ਦਾ ਕਾਰਗਿਲ ਖੇਤਰ ਦੱਸਿਆ ਜਾਂਦਾ ਹੈ। ਦੁਪਹਿਰ 3:48 ਵਜੇ ਧਰਤੀ ਕੰਬ ਗਈ। ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਵਾਰ ਝਟਕੇ ਮਹਿਸੂਸ ਹੋਏ। ਦੂਜਾ ਝਟਕਾ ਪਹਿਲੇ ਨਾਲੋਂ ਘੱਟ ਤੀਬਰ ਸੀ। ਕਈ ਥਾਵਾਂ ‘ਤੇ ਲੋਕ ਆਪਣੇ ਘਰਾਂ ਅਤੇ ਦਫਤਰਾਂ ਤੋਂ ਬਾਹਰ ਆ ਗਏ। ਬਹੁਤ ਸਾਰੇ ਲੋਕਾਂ ਨੇ ਤੁਰੰਤ ਆਪਣੇ ਸਨੇਹੀਆਂ ਨੂੰ ਫੋਨ ਕਰਕੇ ਭੂਚਾਲ (Earthquake) ਦੇ ਝਟਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਵੀ ਪੁੱਛਿਆ।