ਚੰਡੀਗੜ੍ਹ, 11 ਅਗਸਤ 2023: ਜਲੰਧਰ ਦੇ ਲੰਮਾ ਪਿੰਡ ਚੌਕ ‘ਚ ਔਰਤਾਂ ਲਈ ਖੋਲ੍ਹੇ ਗਏ ਸ਼ਰਾਬ ਠੇਕੇ (liquor Shop) ਨੂੰ ਲੈ ਕੇ ਪੰਜਾਬ ਭਾਜਪਾ ਅਤੇ ਕਾਂਗਰਸ ਨੇ ਪੰਜਾਬ ਸਰਕਾਰ ਨੂੰ ਘੇਰਿਆ | ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਕਿ ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਸ਼ਰਮਨਾਕ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਨੂੰ ਤਿੰਨ ਮਹੀਨਿਆਂ ਵਿੱਚ ਨਸ਼ਾ ਮੁਕਤ ਕਰਨ ਵਾਲਿਆਂ ਨੇ ਹੁਣ ਔਰਤਾਂ ਨੂੰ ਵੀ ਸ਼ਰਾਬ ਦਾ ਆਦੀ ਬਣਾਉਣ ਦੀ ਤਿਆਰੀ ਕਰ ਲਈ ਹੈ। ਨਸ਼ਾ ਪੰਜਾਬ ਦੀਆਂ ਕਈ ਪੀੜ੍ਹੀਆਂ ਨੂੰ ਨਿਗਲ ਚੁੱਕਾ ਹੈ। ਰਾਜਾ ਵੜਿੰਗ ਨੇ ਪੁੱਛਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਔਰਤਾਂ ਲਈ ਸ਼ਰਾਬ ਦੇ ਠੇਕੇ (liquor Shop) ਖੋਲ੍ਹ ਕੇ ਕੀ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਬਦਲਾਅ ਦਾ ਇਹ ਨਵਾਂ ਰੂਪ ਬਹੁਤ ਖਤਰਨਾਕ ਹੈ, ਜਿਸ ਦੇ ਖਤਰਨਾਕ ਨਤੀਜੇ ਨਿਕਲਣਗੇ।
ਦੂਜੇ ਪਾਸੇ ਭਾਜਪਾ ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਜਨਾਰਦਨ ਸ਼ਰਮਾ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਨਸ਼ੇ ਦੀ ਦਲਦਲ ਵਿੱਚ ਡੁੱਬਿਆ ਹੋਇਆ ਹੈ, ਰਹੀ-ਸਹੀ ਕਸਰ ‘ਆਪ’ ਸਰਕਾਰ ਨੇ ਸੂਬੇ ਵਿੱਚ ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ੍ਹ ਕੇ ਪੂਰੀ ਕਰ ਦਿੱਤੀ ਹੈ। ਪਹਿਲਾਂ ਹੀ ਪੂਰੇ ਸੂਬੇ ਵਿੱਚ ਨਸ਼ੇ ਨੇ ਲੋਕਾਂ ਦੇ ਘਰ ਤਬਾਹ ਕੀਤੇ ਹੋਏ ਹਨ। ਹੁਣ ਸਰਕਾਰ ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ੍ਹ ਕੇ ਲੋਕਾਂ ਦੇ ਘਰ ਬਰਬਾਦ ਕਰਨ ‘ਤੇ ਤੁਲੀ ਹੋਈ ਹੈ। ਜਿਸਦੀ ਸ਼ੁਰੁਆਤ ਜਲੰਧਰ ਵਿੱਚ ਵੀ ਕਰ ਦਿੱਤੀ ਗਈ ਹੈ।