Flipkart

ਜਲੰਧਰ ‘ਚ ਲੁਟੇਰਿਆਂ ਨੇ ਫਲਿੱਪਕਾਰਟ ਦੇ ਗੋਦਾਮ ‘ਚੋਂ ਲੁੱਟੇ 3.50 ਲੱਖ ਰੁਪਏ, CCTV ਕੈਮਰੇ ਵੀ ਨਾਲ ਲੈ ਗਏ

ਚੰਡੀਗੜ੍ਹ, 23 ਜੂਨ 2023: ਜਲੰਧਰ ਸ਼ਹਿਰ ਦੇ ਸੋਢਲ ਇੰਡਸਟਰੀਅਲ ਏਰੀਆ ‘ਚ ਸਥਿਤ ਫਲਿੱਪਕਾਰਟ (Flipkart) ਕੰਪਨੀ ਦੇ ਗੋਦਾਮ ‘ਚੋਂ ਦੇਰ ਰਾਤ ਲੁਟੇਰਿਆਂ ਨੇ 3.50 ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ । ਇਸਦੇ ਨਾਲ ਹੀ ਲੁਟੇਰੇ ਗੋਦਾਮ ਵਿੱਚ ਕੰਮ ਕਰਦੇ ਮਜ਼ਦੂਰਾਂ ਦੇ 6 ਮੋਬਾਈਲ ਫੋਨ ਅਤੇ ਪਰਸ ਵੀ ਲੈ ਗਏ। ਮੁਲਾਜ਼ਮਾਂ ਨੇ ਦੱਸਿਆ ਕਿ 4 ਨਕਾਬਪੋਸ਼ ਹਥਿਆਰਬੰਦ ਲੁਟੇਰੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸਨ। ਉਨ੍ਹਾਂ ਵਿੱਚੋਂ 3 ਨੇ ਗੋਦਾਮ ਦੇ ਅੰਦਰ ਵਾਰਦਾਤ ਨੂੰ ਅੰਜ਼ਾਮ ਦਿੱਤਾ, ਜਦਕਿ ਇਕ ਬਾਹਰ ਪਹਿਰਾ ਦੇ ਰਿਹਾ ਸੀ।

ਮੁਲਾਜ਼ਮਾਂ ਨੇ ਦੱਸਿਆ ਕਿ ਨਕਾਬਪੋਸ਼ ਲੁਟੇਰਿਆਂ ਵਿੱਚੋਂ ਇੱਕ ਨੇ ਪਿਸਤੌਲ ਕੱਢ ਕੇ ਗੋਦਾਮ ਦੇ ਮੈਨੇਜਰ ਵੱਲ ਤਾਣ ਦਿੱਤੀ ਅਤੇ ਨਕਦੀ ਮੰਗੀ। ਜਦੋਂ ਮੈਨੇਜਰ ਨੇ ਕੋਈ ਜਵਾਬ ਨਾ ਦਿੱਤਾ ਤਾਂ ਮੈਨੇਜਰ ਦਾ ਕੰਧ ਨਾਲ ਸਿਰ ਮਾਰਿਆ। ਇਸ ਤੋਂ ਬਾਅਦ ਮੁਲਾਜ਼ਮਾਂ ਨੂੰ ਲਾਈਨ ‘ਚ ਲਗਾ ਕੇ ਫਿਲਮੀ ਅੰਦਾਜ਼ ‘ਚ ਪਹਿਲਾਂ ਉਨ੍ਹਾਂ ਦੇ ਮੋਬਾਇਲ ਅਤੇ ਪਰਸ ਆਪਣੇ ਕਬਜ਼ੇ ‘ਚ ਲੈ ਲਿਆ।

ਉਨ੍ਹਾਂ ਨੇ ਦੱਸਿਆ ਕਿ ਪਿਸਤੌਲ ਕੱਢ ਕੇ ਗੋਲੀ ਮਾਰਨ ਦੀ ਧਮਕੀ ਦੇਣ ਵਾਲੇ ਲੁਟੇਰੇ ਦੀ ਬਾਂਹ ‘ਤੇ ਵੱਡਾ ਟੈਟੂ ਬਣਿਆ ਹੋਇਆ ਸੀ। ਹਾਲਾਂਕਿ ਲੁਟੇਰਿਆਂ ਨੇ ਕੋਈ ਗੋਲੀ ਨਹੀਂ ਚਲਾਈ। ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਲੁਟੇਰੇ ਜਲੰਧਰ-ਅੰਮ੍ਰਿਤਸਰ ਹਾਈਵੇ ‘ਤੇ ਫ਼ਰਾਰ ਹੋ ਗਏ।

ਲੁੱਟ ਤੋਂ ਬਾਅਦ ਲੁਟੇਰਿਆਂ ਨੇ ਫਲਿੱਪਕਾਰਟ ਦੇ ਗੋਦਾਮ (Flipkart) ਵਿੱਚ ਕੋਈ ਸਬੂਤ ਨਹੀਂ ਛੱਡਿਆ। ਲੁਟੇਰੇ ਗੋਦਾਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਪਾੜ ਕੇ ਆਪਣੇ ਨਾਲ ਲੈ ਗਏ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਪੂਰੀ ਰੇਕੀ ਤੋਂ ਬਾਅਦ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਇਹ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਵਿੱਚ ਕਿਸੇ ਕੰਪਨੀ ਦਾ ਮੁਲਾਜ਼ਮ ਵੀ ਸ਼ਾਮਲ ਹੋ ਸਕਦਾ ਹੈ। ਏਸੀਪੀ ਨਾਰਥ ਦਮਨਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਰਹੀ ਹੈ। ਲੁਟੇਰਿਆਂ ਨੂੰ ਫੜਨ ਲਈ ਤਿੰਨ ਟੀਮਾਂ ਬਣਾਈਆਂ ਗਈਆਂ ਹਨ।

Scroll to Top