ਚੰਡੀਗੜ੍ਹ, 24 ਅਪ੍ਰੈਲ 2024: ਆਈ.ਪੀ.ਐੱਲ 2024 ‘ਚ ਲਖਨਊ ਸੁਪਰ ਜਾਇੰਟਸ ਨੇ ਮੰਗਲਵਾਰ ਰਾਤ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਮੰਗਲਵਾਰ ਨੂੰ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਲਖਨਊ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਨੇ 20 ਓਵਰਾਂ ‘ਚ 4 ਵਿਕਟਾਂ ‘ਤੇ 210 ਦੌੜਾਂ ਬਣਾਈਆਂ। ਲਖਨਊ ਨੇ ਚੇਪੌਕ ਸਟੇਡੀਅਮ ‘ਚ ਆਈ.ਪੀ.ਐੱਲ. ਦੇ ਸਭ ਤੋਂ ਵੱਡੇ ਟੀਚੇ ਦਾ ਪਿੱਛਾ ਕਰਦਿਆਂ 19.3 ਓਵਰਾਂ ‘ਚ 4 ਵਿਕਟਾਂ ‘ਤੇ ਜਿੱਤ ਦਾ ਟੀਚਾ ਹਾਸਲ ਕਰ ਲਿਆ।
ਮਾਰਕਸ ਸਟੋਇਨਿਸ (Marcus Stoinis) ਪਲੇਅਰ ਆਫ ਦਿ ਮੈਚ ਰਹੇ, ਉਨ੍ਹਾਂ ਨੇ 63 ਗੇਂਦਾਂ ‘ਤੇ 124 ਦੌੜਾਂ ਦੀ ਨਾਬਾਦ ਪਾਰੀ ਖੇਡੀ। ਇਸ ਨਾਲ ਉਹ ਆਈਪੀਐੱਲ ਦੇ ਕਿਸੇ ਵੀ ਟੀਚੇ ਦਾ ਪਿੱਛਾ ਕਰਦੇ ਹੋਏ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ।
ਚੇਨਈ ਵੱਲੋਂ ਰਿਤੂਰਾਜ ਗਾਇਕਵਾੜ ਨੇ 60 ਗੇਂਦਾਂ ‘ਤੇ 108 ਦੌੜਾਂ ਦੀ ਨਾਬਾਦ ਪਾਰੀ ਖੇਡੀ। ਉਹ ਸੀਐਸਕੇ ਲਈ ਦੋ ਸੈਂਕੜੇ ਲਗਾਉਣ ਵਾਲਾ ਤੀਜਾ ਖਿਡਾਰੀ ਬਣ ਗਿਆ। ਐਲਐਸਜੀ ਨੇ ਆਈਪੀਐਲ ਵਿੱਚ ਸੀਐਸਕੇ ਦੇ ਖਿਲਾਫ ਦੂਜਾ ਸਭ ਤੋਂ ਵੱਧ ਦੌੜਾਂ ਦਾ ਪਿੱਛਾ ਕੀਤਾ ਹੈ। ਟੀਮ ਨੇ 211 ਦੌੜਾਂ ਦਾ ਟੀਚਾ ਹਾਸਲ ਕੀਤਾ।
ਇਸ ਤੋਂ ਪਹਿਲਾਂ ਵੀ ਟੀਮ ਨੇ ਮੁੰਬਈ ਦੇ ਮੈਦਾਨ ‘ਤੇ ਸਾਲ 2022 ‘ਚ ਚੇਨਈ ਦੇ ਖਿਲਾਫ 211 ਦੌੜਾਂ ਦਾ ਪਿੱਛਾ ਕੀਤਾ ਸੀ। ਮੁੰਬਈ ਨੇ ਸਾਲ 2021 ਵਿੱਚ ਦਿੱਲੀ ਦੇ ਮੈਦਾਨ ਵਿੱਚ 219 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ। ਇਸ ਮੈਚ ਵਿੱਚ ਕੀਰੋਨ ਪੋਲਾਰਡ ਨੇ 34 ਗੇਂਦਾਂ ਵਿੱਚ 84 ਦੌੜਾਂ ਦੀ ਨਾਬਾਦ ਪਾਰੀ ਖੇਡੀ।