Haryana

ਹਰਿਆਣਾ ਵਿਧਾਨ ਸਭਾ ਚੋਣਾਂ 2024 ‘ਚ ਨਾਇਬ ਸਰਕਾਰ ਦੇ 9 ਮੰਤਰੀ ਹਾਰੇ, ਨਾਇਬ ਸੈਣੀ ਜਿੱਤੇ

ਚੰਡੀਗੜ੍ਹ, 08 ਅਕਤੂਬਰ 2024: ਹਰਿਆਣਾ (Haryana) ‘ਚ ਚੱਲ ਰਹੇ ਰੁਝਾਨਾਂ ਮੁਤਾਬਕ ਭਾਜਪਾ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ। ਸੂਬੇ ‘ਚ ਅਜਿਹਾ ਕਰਨ ਵਾਲੀ ਭਾਜਪਾ ਇਹ ਪਹਿਲੀ ਪਾਰਟੀ ਹੋਵੇਗੀ। ਪਾਰਟੀ ਨੂੰ ਕੁੱਲ 90 ਸੀਟਾਂ ‘ਚੋਂ 17 ਸੀਟਾਂ ‘ਤੇ ਬੜ੍ਹਤ ਹੈ ਅਤੇ 32 ਸੀਟਾਂ ਜਿੱਤੀਆਂ ਹਨ | ਦੂਜੇ ਪਾਸੇ ਕਾਂਗਰਸ 30 ਸੀਟਾਂ ਜਿੱਤੀਆਂ ਹਨ ਅਤੇ 6 ਸੀਟਾਂ ‘ਤੇ ਅੱਗੇ ਹੈ।

ਹਰਿਆਣਾ ‘ਚ ਕਾਰਜਕਾਰੀ ਮੁੱਖ ਮੰਤਰੀ ਨਾਇਬ ਸੈਣੀ ਦੀ ਸਰਕਾਰ ‘ਚ ਮੰਤਰੀ ਰਹੇ 9 ਉਮੀਦਵਾਰ ਚੋਣ ਹਾਰ ਗਏ ਹਨ । ਇਨ੍ਹਾਂ ‘ਚ ਸਪੀਕਰ ਗਿਆਨ ਚੰਦ ਗੁਪਤਾ, ਕੰਵਰਪਾਲ ਗੁੱਜਰ, ਸੁਭਾਸ਼ ਸੁਧਾ, ਜੈ ਪ੍ਰਕਾਸ਼ ਦਲਾਲ, ਅਭੈ ਸਿੰਘ ਯਾਦਵ। ਸੰਜੇ ਸਿੰਘ, ਕਮਲ ਗੁਪਤਾ, ਅਸੀਮ ਗੋਇਲ ਅਤੇ ਰਣਜੀਤ ਚੋਟਾਲਾ ਹਨ |

ਇਨ੍ਹਾਂ ਚੋਣਾਂ ‘ਚ ਭਾਜਪਾ ਦੇ ਸਿਰਫ਼ 2 ਮੰਤਰੀ ਹੀ ਚੋਣ ਜਿੱਤ ਸਕੇ ਹਨ । ਜੇਤੂ ਮੰਤਰੀਆਂ ਵਿੱਚ ਪਾਣੀਪਤ ਦਿਹਾਤੀ ਸੀਟ ਤੋਂ ਮਹੀਪਾਲ ਢਾਂਡਾ ਅਤੇ ਬੱਲਭਗੜ੍ਹ ਸੀਟ ਤੋਂ ਮੂਲਚੰਦ ਸ਼ਰਮਾ ਸ਼ਾਮਲ ਹਨ। ਨਾਇਬ ਸੈਣੀ ਲਾਡਵਾ ਤੋਂ ਜਿੱਤੇ ਹਨ।

ਸਪੀਕਰ ਗਿਆਨ ਚੰਦ ਗੁਪਤਾ ਪੰਚਕੂਲਾ ‘ਚ ਹਾਰ ਗਏ। ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਵੱਡੇ ਪੁੱਤਰ ਕਾਂਗਰਸ ਉਮੀਦਵਾਰ ਚੰਦਰਮੋਹਨ ਬਿਸ਼ਨੋਈ ਨੇ ਹਰਾਇਆ ਹੈ। ਮੰਤਰੀ ਸੰਜੇ ਸਿੰਘ ਨੂੰਹ ‘ਚ ਹਾਰ ਗਏ। ਇੱਥੇ ਕਾਂਗਰਸ ਦੇ ਉਮੀਦਵਾਰ ਆਫਤਾਬ ਅਹਿਮਦ ਨੇ ਜਿੱਤ ਦਰਜ ਕੀਤੀ। ਜਗਾਧਰੀ ‘ਚ ਮੰਤਰੀ ਕੰਵਰਪਾਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇੱਥੇ ਕਾਂਗਰਸ ਦੇ ਉਮੀਦਵਾਰ ਚੌਧਰੀ ਅਕਰਮ ਖਾਨ ਨੇ ਜਿੱਤ ਹਾਸਲ ਕੀਤੀ ਹੈ।

ਹਿਸਾਰ ‘ਚ ਸਿਹਤ ਮੰਤਰੀ ਡਾਕਟਰ ਕਮਲ ਗੁਪਤਾ ਤੀਜੇ ਸਥਾਨ ’ਤੇ ਰਹੇ। ਦੇਸ਼ ਦੀ ਸਭ ਤੋਂ ਅਮੀਰ ਬੀਬੀ ਸਾਵਿਤਰੀ ਜਿੰਦਲ, ਜੋ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਸੀ, ਜਿੱਤ ਗਈ। ਮੰਤਰੀ ਰਣਜੀਤ ਚੌਟਾਲਾ, ਜੋ ਭਾਜਪਾ ਤੋਂ ਬਗਾਵਤ ਕਰ ਰਹੇ ਸਨ ਅਤੇ ਆਜ਼ਾਦ ਤੌਰ ‘ਤੇ ਚੋਣ ਲੜ ਰਹੇ ਸਨ, ਉਹ ਵੀ ਚੋਣ ਹਾਰ ਗਏ ਸਨ। ਇੱਥੇ ਇਨੈਲੋ-ਬਸਪਾ ਉਮੀਦਵਾਰ ਅਤੇ ਅਭੈ ਚੌਟਾਲਾ ਦੇ ਪੁੱਤਰ ਅਰਜੁਨ ਚੌਟਾਲਾ ਨੇ ਜਿੱਤ ਹਾਸਲ ਕੀਤੀ ਹੈ ।

Scroll to Top