ਚੰਡੀਗੜ੍ਹ, 04 ਨਵੰਬਰ 2023: ਗੁਰਦਾਸਪੁਰ (Gurdaspur) ਵਿੱਚ ਇੱਕ ਮੈਡੀਕਲ ਸਟੋਰ ਤੋਂ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ 9 ਵਜੇ ਦੇ ਕਰੀਬ ਇੱਕ ਚਿੱਟੇ ਰੰਗ ਦੀ ਵਰਨਾ ਕਾਰ ਗੁਰਦਾਸਪੁਰ ਸਾਈਡ ਤੋਂ ਆ ਕੇ ਦੁਕਾਨ ਦੇ ਅੱਗੇ ਰੁਕੀ। ਚਾਰ ਵਿਅਕਤੀ ਕਾਰ ਤੋਂ ਹੇਠਾਂ ਉਤਰੇ ਅਤੇ ਉਨ੍ਹਾਂ ਦੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਮੁਲਜ਼ਮਾਂ ਨੇ ਦੁਕਾਨ ਮਾਲਕ ਨੂੰ ਡਰਾ ਧਮਕਾ ਕੇ ਉਸ ਦੀ ਜੇਬ ਵਿੱਚੋਂ 5 ਹਜ਼ਾਰ ਰੁਪਏ, ਪੈਨ ਕਾਰਡ ਅਤੇ ਜ਼ਰੂਰੀ ਦਸਤਾਵੇਜ਼ ਖੋਹ ਲਏ ਅਤੇ ਫ਼ਰਾਰ ਹੋ ਗਏ। ਪੁਲਿਸ ਨੇ 4 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਗੁਰਦੀਪ ਸਿੰਘ ਉਰਫ਼ ਗੋਗਾ ਪੁੱਤਰ ਪਲਵਿੰਦਰ ਸਿੰਘ ਵਾਸੀ ਕਲਾਨੌਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਅੱਡਾ ਨੱਡਾਂਵਾਲੀ ਵਿੱਚ ਗੋਗਾ ਹੈਲਥ ਕੇਅਰ ਸੈਂਟਰ ਦੇ ਨਾਂ ’ਤੇ ਮੈਡੀਕਲ ਸਟੋਰ ਚਲਾਉਂਦਾ ਹੈ। 2 ਨਵੰਬਰ ਨੂੰ ਉਸਦੇ ਵੱਲੋਂ ਦੁਕਾਨ ਬੰਦ ਕਰਨ ਤੋਂ ਪਹਿਲਾਂ ਚਾਰ ਵਿਅਕਤੀ ਕਾਰ ‘ਚੋਂ ਉਤਰੇ ਅਤੇ ਉਨ੍ਹਾਂ ਦੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਉਕਤ ਵਿਅਕਤੀ ਦੁਕਾਨ ਦੇ ਅੰਦਰ ਆਏ, ਜਿਨ੍ਹਾਂ ਵਿਚੋਂ ਇਕ ਦੇ ਕੋਲ ਕਿਰਪਾਨ, ਇਕ ਦੇ ਕੋਲ ਦਾਤਰ ਅਤੇ ਇਕ ਦੇ ਕੋਲ ਪਿਸਤੌਲ ਸੀ।
ਥਾਣਾ ਕਲਾਨੌਰ ਦੀ ਪੁਲਿਸ ਨੇ ਗੁਰਦੀਪ ਸਿੰਘ ਦੇ ਬਿਆਨਾਂ ’ਤੇ ਚਾਰ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।