ਚੰਡੀਗੜ੍ਹ, 30 ਜੂਨ 2023: ਫਰਾਂਸ (France) ਵਿੱਚ ਤੀਜੇ ਦਿਨ ਵੀ ਹਿੰਸਾ ਜਾਰੀ ਹੈ। 17 ਸਾਲਾ ਲੜਕੇ ਦੀ ਮੌਤ ਨੂੰ ਲੈ ਕੇ ਸੈਂਕੜੇ ਲੋਕ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀ ਨੇ ਵਾਹਨਾਂ, ਦੁਕਾਨਾਂ, ਸਕੂਲਾਂ ਅਤੇ ਪਬਲਿਕ ਲਾਇਬ੍ਰੇਰੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਹੈ | ਹਾਲਾਤਾਂ ਨੂੰ ਦੇਖਦੇ ਹੋਏ ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਸੜਕਾਂ ‘ਤੇ 40,000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹਨ। ਹੁਣ ਤੱਕ 875 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਹਨਾਂ ਪ੍ਰਦਰਸ਼ਨਕਾਰੀਆਂ ਵਿੱਚ ਜ਼ਿਆਦਾਤਰ 14 ਤੋਂ 18 ਸਾਲ ਦੀ ਉਮਰ ਦੇ ਹਨ।
ਦਰਅਸਲ, 27 ਜੂਨ ਨੂੰ ਫਰਾਂਸ (France) ਦੀ ਰਾਜਧਾਨੀ ਪੈਰਿਸ ਦੇ ਉਪਨਗਰੀ ਇਲਾਕੇ ਨਾਨਤੇਰੇ ਵਿੱਚ ਇੱਕ ਟ੍ਰੈਫਿਕ ਸਿਗਨਲ ‘ਤੇ ਨਾ ਰੁਕਣ ‘ਤੇ 17 ਸਾਲਾ ਲੜਕੇ ਨਾਹੇਲ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ। ਉਦੋਂ ਤੋਂ ਫਰਾਂਸ ਵਿਚ ਹਿੰਸਾ ਜਾਰੀ ਹੈ। ‘ਫਰਾਂਸ 24’ ਦੀ ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਤਿੰਨ ਦਿਨਾਂ ‘ਚ 492 ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਹੈ। 2 ਹਜ਼ਾਰ ਵਾਹਨ ਸਾੜ ਦਿੱਤੇ ਗਏ। 3,880 ਹੋਰ ਥਾਵਾਂ ‘ਤੇ ਅੱਗਜ਼ਨੀ ਹੋਈ।