July 3, 2024 4:01 am
Finland

ਫਿਨਲੈਂਡ ‘ਚ ਪ੍ਰਧਾਨ ਮੰਤਰੀ ਸਨਾ ਮੈਰਿਨ ਦੀ ਪਾਰਟੀ ਚੋਣ ਹਾਰੀ, ਪੇਟੇਰੀ ਓਰਪੋ ਹੋਣਗੇ ਅਗਲੇ ਪ੍ਰਧਾਨ ਮੰਤਰੀ

ਚੰਡੀਗੜ੍ਹ, 03 ਅਪ੍ਰੈਲ 2023: ਫਿਨਲੈਂਡ (Finland) ਦੀਆਂ ਸੰਸਦੀ ਚੋਣਾਂ ਦੇ ਨਤੀਜੇ ਆ ਗਏ ਹਨ। ਉੱਥੇ ਦੱਖਣਪੰਥੀ ਪਾਰਟੀ ਦੇ ਗਠਜੋੜ ਨੇ ਜਿੱਤ ਹਾਸਲ ਕੀਤੀ ਹੈ। ਨੈਸ਼ਨਲ ਕੋਇਲਿਸ਼ਨ ਪਾਰਟੀ ਨੂੰ ਐਤਵਾਰ ਨੂੰ ਹੋਈ ਵੋਟ ਗਿਣਤੀ ਵਿੱਚ ਸਭ ਤੋਂ ਵੱਧ 20.8% ਵੋਟਾਂ ਮਿਲੀਆਂ। ਫਿਨਲੈਂਡ ਦੀ ਦੱਖਣਪੰਥੀ ਲੋਕਪ੍ਰਿਅ ਪਾਰਟੀ ਦਿ ਫਿਨਸ ਦੂਜੇ ਨੰਬਰ ‘ਤੇ ਹੈ, ਜਦੋਂ ਕਿ ਪ੍ਰਧਾਨ ਮੰਤਰੀ ਸਨਾ ਮੈਰਿਨ ਦੀ ਸੋਸ਼ਲ ਡੈਮੋਕਰੇਟਸ 19.9% ​​ਵੋਟਾਂ ਨਾਲ ਤੀਜੇ ਨੰਬਰ ‘ਤੇ ਰਹੀ ਹੈ।

ਨਤੀਜਿਆਂ ਤੋਂ ਬਾਅਦ ਹਾਰ ਸਵੀਕਾਰ ਕਰਦੇ ਹੋਏ ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮੈਰਿਨ ਨੇ ਗਠਜੋੜ ਸਰਕਾਰ ਬਣਾਉਣ ਵਾਲੀ ਨੈਸ਼ਨਲ ਕੋਇਲਿਸ਼ਨ ਪਾਰਟੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਦਰਅਸਲ, ਸਨਾ ਮੈਰਿਨ ਨਾ ਸਿਰਫ ਫਿਨਲੈਂਡ ਦੀ, ਸਗੋਂ ਪੂਰੇ ਯੂਰਪ ਦੀ ਪ੍ਰਧਾਨ ਮੰਤਰੀ ਬਣਨ ਵਾਲੀ ਸਭ ਤੋਂ ਛੋਟੀ ਉਮਰ ਦੀ ਨੇਤਾ ਹੈ। ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ਪੇਟੇਰੀ ਓਰਪੋ (Petteri Orpo) ਨੂੰ ਹੁਣ ਮੈਰਿਨ ਦੀ ਥਾਂ ਦਿੱਤੀ ਜਾ ਸਕਦੀ ਹੈ।

ਪਿਛਲੇ ਸਾਲ ਅਗਸਤ ਵਿੱਚ ਫਿਨਲੈਂਡ (Finland) ਦੀ ਪ੍ਰਧਾਨ ਮੰਤਰੀ ਸਨਾ ਮੈਰਿਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਸੀ। ਇਸ ‘ਚ ਉਹ ਕਥਿਤ ਸ਼ਰਾਬ ਪੀ ਕੇ ਆਪਣੇ ਦੋਸਤਾਂ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਸੀ। ਵਿਰੋਧੀ ਧਿਰ ਦੇ ਨੇਤਾਵਾਂ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਸਨਾ ਮੈਰਿਨ ਨੇ ਦੋਸਤਾਂ ਨਾਲ ਇਕ ਪਾਰਟੀ ਵਿਚ ਨਸ਼ੀਲੇ ਪਦਾਰਥ ਲਏ ਸਨ। ਉਸ ਨੂੰ ਡਰੱਗ ਟੈਸਟ ਲਈ ਵੀ ਕਿਹਾ ਗਿਆ ਸੀ। ਹਾਲਾਂਕਿ ਮੈਰਿਨ ਨੇ ਸਪੱਸ਼ਟ ਕੀਤਾ ਕਿ ਉਸ ਨੇ ਪਾਰਟੀ ‘ਚ ਸਿਰਫ ਸ਼ਰਾਬ ਪੀਤੀ ਸੀ, ਪਰ ਡਰੱਗ ਦਾ ਸੇਵਨ ਨਹੀਂ ਕੀਤਾ ਸੀ। ਉਸ ਦਾ ਡਰੱਗ ਟੈਸਟ ਬਾਅਦ ਵਿੱਚ ਨੈਗੇਟਿਵ ਆਇਆ।