July 7, 2024 2:16 pm
Ferozepur

ਫਿਰੋਜ਼ਪੁਰ ‘ਚ ਚਿੱਟੇ ਨੇ ਉਜਾੜਿਆ ਇੱਕ ਹੋਰ ਘਰ, ਨਸ਼ੇ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ

ਫਿਰੋਜ਼ਪੁਰ, 02 ਮਈ 2023: ਫਿਰੋਜ਼ਪੁਰ (Ferozepur) ਵਿੱਚ ਨਸ਼ੇ ਦਾ ਚਿੱਟੇ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ | ਲਗਾਤਾਰ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਬੇਸ਼ੱਕ ਪੁਲਿਸ ਵੱਲੋਂ ਨਸ਼ੇ ‘ਤੇ ਨਕੇਲ ਕੱਸਣ ਦੇ ਦਾਅਵੇ ਕੀਤੇ ਜਾ ਰਹੇ ਹਨ। ਤਾਜਾ ਮਾਮਲਾ ਫਿਰੋਜ਼ਪੁਰ ਦੀ ਬਸਤੀ ਗੋਲਬਾਗ ਤੋਂ ਸਾਹਮਣੇ ਆਇਆ, ਜਿੱਥੇ ਇੱਕ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ |

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਮਾਂ ਕਿੰਦਰ ਨੇ ਦੱਸਿਆ ਕਿ ਉਸਦਾ ਪੁੱਤਰ ਸ਼ੇਰ ਸਿੰਘ ਉਮਰ ਕਰੀਬ 28 ਸਾਲ ਜੋ ਨਸ਼ੇ ਕਰਨ ਦਾ ਆਦੀ ਸੀ ਅਤੇ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਕਰਦਾ ਆ ਰਿਹਾ ਸੀ। ਜੋ ਨਸ਼ੇ ਦੇ ਟੀਕੇ ਵੀ ਲਗਾਉਂਦਾ ਸੀ। ਜਿਸਦੀ ਸਿਹਤ ਵਿਗੜਨ ‘ਤੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਪਰ ਇਥੇ ਉਸਦੀ ਮੌਤ ਹੋ ਗਈ ਹੈ। ਪਰਿਵਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਉਨ੍ਹਾਂ ਦਾ ਇਕੋਂ ਇੱਕ ਪੁੱਤਰ ਸੀ, ਜਿਸਨੂੰ ਨਸ਼ੇ ਨੇ ਖਾ ਲਿਆ ਹੈ।

ਉਨ੍ਹਾਂ ਕਿਹਾ ਉਨ੍ਹਾਂ ਦੇ ਇਲਾਕੇ ਵਿੱਚ ਸ਼ਰ੍ਹੇਆਮ ਨਸ਼ਾ ਵਿਕ ਰਿਹਾ ਹੈ। ਜਿਸ ਵੱਲ ਪੁਲਿਸ ਦਾ ਕੋਈ ਧਿਆਨ ਨਹੀਂ, ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲਿਸ ਆਉਂਦੀ ਵੀ ਹੈ, ਖਾਨਾਪੂਰਤੀ ਪੂਰੀ ਕਰ ਮੁੜ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਨਸ਼ੇ ‘ਤੇ ਰੋਕ ਲਗਾਈ ਜਾਵੇ ਅਤੇ ਜੋ ਲੋਕ ਨਸ਼ਾ ਵੇਚ ਰਹੇ ਨੇ ਉਨ੍ਹਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੀ ਤਰ੍ਹਾਂ ਕਿਸੇ ਹੋਰ ਦਾ ਘਰ ਇਸ ਤਰ੍ਹਾਂ ਨਾ ਉੱਜੜੇ।