ਅੰਮ੍ਰਿਤਸਰ, 03 ਮਈ 2023: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿਖੇ ਪੈਦਲ ਮਾਰਚ ਕੱਢਿਆ ਗਿਆ, ਜਿਸ ਉਪਰੰਤ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਇਕ ਮੰਗ ਪੱਤਰ ਵੀ ਦਿੱਤਾ ਗਿਆ | ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬੁਲਾਰੇ ਪਲਵਿੰਦਰ ਮਾਹਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦਾ ਪੈਦਲ ਮਾਰਚ ਡੀਸੀ ਹਰਪ੍ਰੀਤ ਸਿੰਘ ਸੂਦਨ ਨੂੰ ਮੰਗ ਪੱਤਰ ਦੇਣ ਦਾ ਮੰਤਵ ਭਾਰਤੀ ਕੁਸ਼ਤੀ ਖਿਡਾਰਨਾ ਨੂੰ ਇਨਸਾਫ਼ ਦਿਵਾਉਣਾ ਹੈ |
ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਦੇਸ਼ ਦੀਆਂ ਪਹਿਲਵਾਨ ਖਿਡਾਰਨਾ ਨੇ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ (Brij Bhushan Sharan) ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ | ਉਸ ਦੇ ਖਿਲਾਫ ਕਾਰਵਾਈ ਦੀ ਮੰਗ ਲਈ ਬੈਠੀਆਂ ਹੋਈਆਂ ਹਨ, ਪਰ ਸਰਕਾਰ ਹੁਣ ਤੱਕ ਕੇਵਲ ਐਫ ਆਈ ਆਰ ਕੱਟਣ ਤੋਂ ਇਲਾਵਾ ਕੋਈ ਵੀ ਕਾਰਵਾਈ ਨਹੀਂ ਕਰ ਸਕੀ |
ਉਨ੍ਹਾਂ ਨੇ ਕਿਹਾ ਕਿ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਭੂਸ਼ਣ ਸਿੰਘ ਸ਼ਰਨ (Brij Bhushan Sharan) ਦੇ ਖਿਲਾਫ਼ ਕਾਰਵਾਈ ਨਾ ਹੋਣ ਦਾ ਕਾਰਨ ਇਹ ਹੈ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਹੁਤ ਨੇੜੇ ਦੇ ਸਬੰਧ ਰੱਖਦਾ ਹੈ | ਜਿਸ ਕਰਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਦੇਸ਼ ਦੀਆਂ ਅਜਿਹੀਆਂ ਖਿਡਾਰਨਾਂ ਜਿਨ੍ਹਾਂ ਨੇ ਦੇਸ਼ ਦਾ ਨੇ ਰੋਸ਼ਨ ਕੀਤਾ ਅੱਜ ਆਪਣੇ ਵਾਸਤੇ ਇਨਸਾਫ਼ ਲਈ ਉਨ੍ਹਾਂ ਨੂੰ ਧਰਨੇ ਲਗਾਉਣੇ ਪੈ ਰਹੇ ਹਨ |
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਭਾਰਤ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਬ੍ਰਿਜ ਭੂਸ਼ਣ ਸਿੰਘ ‘ਤੇ ਬਣਦੀ ਕਾਰਵਾਈ ਜਲਦੀ ਨਾ ਕੀਤੀ ਗਈ ਤਾਂ ਦਿੱਲੀ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਪਹਿਲਾ ਵਾਂਗ ਮੋਰਚੇ ਲਾਏ ਜਾਣਗੇ ਅਤੇ ਭਾਜਪਾ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਜਾਣਗੀਆਂ | ਦੂਜੇ ਪਾਸੇ ਜ਼ਿਲ੍ਹਾ ਮਾਲ ਅਫਸਰ ਰਾਮ ਕ੍ਰਿਸ਼ਨ ਨੇ ਕਿਹਾ ਕਿ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਉਨ੍ਹਾਂ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿਤਾ ਗਿਆ, ਜਿਸ ਅੰਮ੍ਰਿਤਸਰ ਦੇ ਰਾਹੀਂ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ |