ਫਰੀਦਕੋਟ, 20 ਅਪ੍ਰੈਲ, 2023: ਜ਼ਿਲ੍ਹੇ ਦੇ ਵਿੱਚ ਚਲਾਏ ਜਾ ਰਹੇ 09 ਆਮ ਆਦਮੀ ਕਲੀਨਿਕਾਂ (Aam Aadmi clinics) ਰਾਹੀਂ ਹੁਣ ਤੱਕ 23806 ਮਰੀਜ਼ਾਂ ਨੇ ਓ.ਪੀ.ਡੀ ਵਿੱਚ ਪਰਚੀ ਕਟਾ ਕੇ ਸਿਹਤ ਸਹੂਲਤਾਂ ਹਾਸਲ ਕੀਤੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਜ਼ਿਲ੍ਹੇ ਦੇ ਵਿੱਚ 09 ਆਮ ਆਦਮੀ ਕਲੀਨਿਕ ਜੋ ਕਿ ਫਰੀਦਕੋਟ ਦੀ ਬਾਜੀਗਰ ਬਸਤੀ, ਬਲਬੀਰ ਬਸਤੀ, ਸੁਰਗਾਪੁਰੀ, ਸੰਧਵਾਂ, ਕੋਟਸੁੱਖੀਆ, ਗੋਲੇਵਾਲਾ, ਪੰਜਗਰਾਈ ਕਲਾਂ, ਗੁਰੂਸਰ, ਬਰਗਾੜੀ ਵਿਖੇ ਚਲਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਜਨਵਰੀ ਮਹੀਨੇ ਦੇ ਵਿੱਚ ਉਕਤ ਸਾਰੇ 9 ਆਮ ਆਦਮੀ ਕਲੀਨਿਕਾਂ (Aam Aadmi clinics) ਵਿੱਚ ਓ.ਪੀ.ਡੀ ਰਾਹੀ 2843 ਮਰੀਜਾਂ ਵੱਲੋਂ 340 ਟੈਸਟ, ਫਰਵਰੀ ਮਹੀਨੇ ਵਿੱਚ 10057 ਮਰੀਜਾਂ ਵੱਲੋਂ 829 ਟੈਸਟ, ਮਾਰਚ ਮਹੀਨੇ ਵਿੱਚ ਓ.ਪੀ.ਡੀ. ਰਾਹੀ 8316 ਮਰੀਜਾਂ ਵੱਲੋਂ 357 ਟੈਸਟ ਅਤੇ ਅਪ੍ਰੈਲ ਮਹੀਨੇ ਵਿੱਚ 2590 ਮਰੀਜਾਂ ਵੱਲੋਂ 190 ਟੈਸਟ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਸਾਰੇ ਆਮ ਆਦਮੀ ਕਲੀਨਿਕਾਂ ਵਿੱਚ 23806 ਮਰੀਜਾਂ ਨੇ 1716 ਟੈਸਟ ਕਰਵਾ ਕੇ ਸਿਹਤ ਸਹੂਲਤਾਂ ਹਾਸਲ ਕੀਤੀਆਂ ਗਈਆ ਹਨ।
ਸਪੀਕਰ ਸੰਧਵਾਂ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜ਼ਰੂਰਤ ਪੈਣ ’ਤੇ ਸਭ ਤੋਂ ਪਹਿਲਾਂ ਆਮ ਆਦਮੀ ਕਲੀਨਿਕਾਂ ਰਾਹੀਂ ਮੁੱਢਲੀਆਂ ਸਿਹਤ ਸਹੂਲਤਾਂ ਲੈਣ ਅਤੇ ਜੇਕਰ ਫਿਰ ਵੀ ਜਰੂਰਤ ਪੈਂਦੀ ਹੈ ਤਾਂ ਉਹ ਜ਼ਿਲ੍ਹੇ ਵਿਚ ਖੋਲ੍ਹੇ ਗਏ ਬਾਕੀ ਸਿਹਤ ਕੇਂਦਰਾਂ ਰਾਹੀਂ ਵੀ ਆਪਣਾ ਇਲਾਜ ਕਰਵਾ ਸਕਦੇ ਹਨ।