Parminder Singh Dhindsa

ਚੰਡੀਗੜ੍ਹ `ਚ ਦੁੱਗਣੀ ਪਾਰਕਿੰਗ ਫੀਸ ਵਸੂਲਣ ਦਾ ਫੈਸਲਾ ਵਾਪਸ ਲਵੇ ਨਗਰ ਨਿਗਮ : ਪਰਮਿੰਦਰ ਸਿੰਘ ਢੀਂਡਸਾ

ਚੰਡੀਗੜ੍ਹ, 27 ਜੁਲਾਈ 2023: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਿਨੇਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਚੰਡੀਗੜ੍ਹ ਵਿਚ ਨਗਰ ਨਿਗਮ ਵਲੋਂ ਪੰਜਾਬ ਅਤੇ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ‘ਤੇ ਦੁੱਗਣੀ ਪਾਰਕਿੰਗ ਫੀਸ (Parking fee) ਵਸੂਲਣ ਦੇ ਫੈਸਲੇ ਦੀ ਸਖ਼ਤ ਨਿੰਦਾ ਕਰਦਿਆਂ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਸ਼ਕ ਇਹ ਫੈਸਲਾ ਚੰਡੀਗੜ੍ਹ ਨਗਰ ਨਿਗਮ ਦੀ ਬੈਠਕ ਵਿਚ ਲਿਆ ਗਿਆ ਹੈ ਪ੍ਰੰਤੂ ਜੇਕਰ ਪੰਜਾਬ ਦੇ ਰਾਜਪਾਲ ਚਾਹੁਣ ਤਾਂ ਇਸ ਫੈਸਲੇ ਨੂੰ ਵਾਪਸ ਲਿਆ ਜਾ ਸਕਦਾ ਹੈ।

ਉਨ੍ਹਾਂ ਇਹ ਵੀ ਆਖਿਆ ਕਿ ਚੰਡੀਗੜ੍ਹ ਵਿਚ ਪੰਜਾਬ ਦੇ ਰੂਲ ਲਾਗੂ ਹੁੰਦੇ ਹਨ ਅਤੇ ਅਜਿਹੇ ਵਿਚ ਪੰਜਾਬ ਸਰਕਾਰ ਤੋਂ ਸਲਾਹ-ਮਸ਼ਵਰਾ ਕੀਤੇ ਬਿਨਾਂ ਵਾਹਨਾਂ ਤੋਂ ਦੁੱਗਣੀ ਪਾਰਕਿੰਗ ਫੀਸ (Parking fee) ਵਸੂਲਣ ਦਾ ਫੈਸਲਾ ਗਲਤ ਹੈ। ਉਨ੍ਹਾਂ ਅੱਗੇ ਕਿਹਾ ਕਿ ਚੰਡੀਗੜ੍ਹ `ਤੇ ਪੰਜਾਬ ਦਾ ਪੂਰਾ ਹੱਕ ਹੈ ਅਤੇ ਪੰਜਾਬ ਦੀ ਰਾਜਧਾਨੀ ਹੋਣ ਕਾਰਨ ਜਿਥੇ ਪੰਜਾਬ ਸਰਕਾਰ ਦੇ ਵੱਡੀ ਗਿਣਤੀ ਵਿਚ ਮੁਲਾਜ਼ਮ ਇਥੇ ਨੌਕਰੀ ਕਰਨ ਆਉਂਦੇ ਹਨ ਉਥੇ ਹੀ ਸਰਕਾਰੀ ਕੰਮ ਕਰਵਾਉਣ ਲਈ ਵੀ ਲੋਕ ਇਥੇ ਆਉੰਦੇ ਹਨ।

ਢੀਂਡਸਾ ਨੇ ਕਿਹਾ ਚੰਡੀਗੜ੍ਹ ਨਗਰ ਨਿਗਮ ਦਾ ਇਹ ਫੈਸਲਾ ਇਨ੍ਹਾ ਲੋਕਾਂ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਟ੍ਰਾਈਸਿਟੀ ਵਿਚ ਕੇਵਲ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਦੇ ਵਾਹਨ ਚਾਲਕ ਹੀ ਨਹੀ ਹਨ ਬਲਕਿ ਕਈਂ ਅਜਿਹੇ ਵੀ ਹਨ ਜਿਨ੍ਹਾਂ ਦੀ ਗੱਡੀ `ਤੇ ਬਾਹਰਲੇ ਰਾਜਾਂ ਦੇ ਨੰਬਰ ਲੱਗੇ ਹੋਏ ਹਨ ਅਤੇ ਉਹ ਟ੍ਰਾਈਸਿਟੀ ਵਿਚ ਰਹਿੰਦੇ ਹਨ। ਪਾਰਕਿੰਗ ਫੀਸ ਵਧਣ ਕਾਰਨ ਇਨ੍ਹਾਂ ਸਾਰੇ ਲੋਕਾਂ ਦੀ ਜੇਬ `ਤੇ ਬੇਲੋੜਾ ਬੋਝ ਪਇਆ ਹੈ। ਢੀਂਡਸਾ ਨੇ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਨੂੰ ਦੇਸ਼ ਦੇ ਹਰੇਕ ਨਾਗਰਿਕ ਨਾਲ ਬਰਾਬਰ ਦਾ ਸਲੂਕ ਕਰਨਾ ਚਾਹੀਦਾ ਹੈ।

 

Scroll to Top